ਸਿਕੰਦਰਾਬਾਦ, 18 ਜੂਨ.
ਹਥਿਆਰਬੰਦ ਬਲਾਂ ਵਿੱਚ ਭਰਤੀ ਸਕੀਮ ‘ਅਗਨੀਪਥ’ ਖ਼ਿਲਾਫ਼ ਉੱਠੇ ਰੋਹ ਦਾ ਸੇਕ ਦੱਖਣੀ ਰਾਜਾਂ ਤੱਕ ਪੁੱਜ ਗਿਆ ਹੈ। ਤਿਲੰਗਾਨਾ ਦੇ ਸਿਕੰਦਰਾਬਾਦ ਵਿੱਚ ਰੇਲਵੇ ਸੁਰੱਖਿਆ ਬਲਾਂ (ਆਰਪੀਐੱਫ) ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਚਲਾਈ ਗੋਲੀ ਵਿੱਚ ਇਕ ਵਿਅਕਤੀ ਹਲਾਕ ਤੇ 15 ਹੋਰ ਜ਼ਖ਼ਮੀ ਹੋ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਥਲ ਸੈਨਾ ਮੁਖੀ ਮਨੋਜ ਪਾਂਡੇ ਵੱਲੋਂ ਭਰਤੀ ਸਕੀਮ ਨੂੰ ਲੈ ਕੇ ਦਿੱਤੇ ਭਰੋਸਿਆਂ ਨੂੰ ਦਰਕਿਨਾਰ ਕਰਕੇ ਨੌਜਵਾਨਾਂ ਨੇ ਹੱਥਾਂ ’ਚ ਡਾਂਗਾਂ ਤੇ ਪੱਥਰ ਲੈ ਕੇ ਸ਼ਹਿਰ ਤੇ ਛੋਟੇ ਕਸਬਿਆਂ ਵਿੱਚ ਰੇਲਵੇ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਤੇ ਕੌਮੀ ਮਾਰਗਾਂ ’ਤੇ ਆਵਾਜਾਈ ਠੱਪ ਕੀਤੀ। ਬਿਹਾਰ ਤੇ ਯੂਪੀ ਵਿਚ ਹਿੰਸਕ ਪ੍ਰਦਰਸ਼ਨਾਂ ਦਾ ਦੌਰ ਅੱਜ ਵੀ ਜਾਰੀ ਰਿਹਾ।