ਨਵੀਂ ਦਿੱਲੀ, 16 ਜੂਨ
ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ‘ਅਗਨੀਪਥ’ ਸਕੀਮ ਖਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ ਪ੍ਰਦਰਸ਼ਨਾਂ ਨੇ ਅੱਜ ਦੂਜੇ ਦਿਨ ਹਿੰਸਕ ਰੂਪ ਧਾਰ ਲਿਆ। ਹਰਿਆਣਾ ’ਚ ਕਈ ਥਾਵਾਂ ’ਤੇ ਪੁਲੀਸ ਅਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਵਿੱਚ ਹਿੰਸਕ ਝੜਪਾਂ ਹੋਈਆਂ। ਪਲਵਲ ਵਿੱਚ ਗੁੱਸੇ ’ਚ ਆਏ ਨੌਜਵਾਨਾਂ ਨੇ ਤਿੰਨ ਪੁਲੀਸ ਵਾਹਨ ਫੂਕ ਦਿੱਤੇ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਭੰਨਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਵਿੱਚ ਰੇਲ ਅਤੇ ਕੌਮੀ ਮਾਰਗਾਂ ’ਤੇ ਆਵਾਜਾਈ ਠੱਪ ਰੱਖੀ। ਇਹਤਿਆਤ ਵਜੋਂ ਪਲਵਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਬੰਦ ਕਰ ਦਿੱਤੀਆਂ ਹਨ।