ਨਵੀਂ ਦਿੱਲੀ, 18 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋ ਉੱਚ ਪੱਧਰੀ ਮੀਟਿੰਗਾਂ ਕਰਕੇ ਜੰਮੂ ਕਸ਼ਮੀਰ ’ਚ ਹੋਣ ਵਾਲੀ ਅਮਰਨਾਥ ਯਾਤਰਾ ਦੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ । ਇੱਕ ਤੋਂ ਬਾਅਦ ਇੱਕ ਹੋਈਆਂ ਮੀਟਿੰਗਾਂ ’ਚ ਯਾਤਰਾ ਬਾਰੇ ਚਰਚਾ ਕੀਤੀ ਗਈ ਜੋ ਦੋ ਸਾਲ ਬਾਅਦ ਇਸ ਸਾਲ 30 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਹ ਅਜਿਹੇ ਵਕਤ ਹੋ ਰਹੀ ਹੈ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹਾਲ ਹੀ ’ਚ ਕਸ਼ਮੀਰੀ ਪੰਡਤਾਂ ਸਮੇਤ ਕਈ ਹੋਰ ਲੋਕਾਂ ਦੀਆਂ ਮਿੱਥ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ। ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਤੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਦੇ ਨਾਲ ਸੀਨੀਅਰ ਅਧਿਕਾਰੀਆਂ ਨੇ ਵੀ ਦੋਵਾਂ ਮੀਟਿੰਗਾਂ ’ਚ ਸ਼ਮੂਲੀਅਤ ਕੀਤੀ। ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ, ਸੈਨਾ ਮੁਖੀ ਜਨਰਲ ਮਨੋਜ ਪਾਂਡੇ ਤੇ ਜੰਮੂ ਕਸ਼ਮੀਰ ਪੁਲੀਸ ਦੇ ਮੁਖੀ ਦਿਲਬਾਗ ਸਿੰਘ ਤੀਰਥ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ’ਤੇ ਚਰਚਾ ਤੋਂ ਬਾਅਦ ਮੀਟਿੰਗ ’ਚ ਸ਼ਾਮਲ ਹੋਏ।