ਚੰਡੀਗੜ੍ਹ, 12 ਅਪਰੈਲ
ਭਾਰਤੀ ਖ਼ੁਰਾਕ ਨਿਗਮ ਵੱਲੋਂ ਪੰਜਾਬ ’ਚੋਂ ਲਏ ਕਣਕ ਦੇ ਨਮੂਨੇ ਦਾਣਾ ਸੁੰਗੜਨ ਕਰਕੇ ਫ਼ੇਲ੍ਹ ਹੋਣ ਲੱਗੇ ਹਨ ਜਿਸ ਦੇ ਡਰੋਂ ਪੰਜਾਬ ’ਚ ਕਣਕ ਦੀ ਖ਼ਰੀਦ ਰੁਕਣ ਲੱਗੀ ਹੈ। ਭਾਰਤੀ ਖ਼ੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣੇ ਵਾਲੀ ਫ਼ਸਲ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਇੱਥੇ ਅਨਾਜ ਭਵਨ ’ਚ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦਾ ਬਾਈਕਾਟ ਕਰ ਦਿੱਤਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਅੱਜ ਕਣਕ ਦੀ ਖ਼ਰੀਦ ਪ੍ਰਭਾਵਿਤ ਵੀ ਹੋਈ ਹੈ।