ਕਾਬੁਲ , 19 ਜੂਨ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਵਿਚ ਅੱਜ ਹੋਏ ਕਈ ਬੰਬ ਧਮਾਕਿਆਂ ’ਚ ਦੋ ਵਿਅਕਤੀ ਮਾਰੇ ਗਏ ਤੇ ਸੱਤ ਹੋਰ ਫੱਟੜ ਹੋ ਗਏ। ਮ੍ਰਿਤਕਾਂ ਵਿਚ ਇਕ ਅਫ਼ਗਾਨ ਸਿੱਖ ਵੀ ਸ਼ਾਮਲ ਹੈ। ਹਾਲਾਂਕਿ ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੇ ਇਕ ਵਾਹਨ ਨੂੰ ਗੁਰਦੁਆਰੇ ਤੱਕ ਪਹੁੰਚਣ ਤੋਂ ਰੋਕ ਲਿਆ ਤੇ ਵੱਡੀ ਤ੍ਰਾਸਦੀ ਤੋਂ ਬਚਾਅ ਹੋ ਗਿਆ। ਤਾਲਿਬਾਨ ਦੇ ਇਕ ਤਰਜਮਾਨ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਕਰਤੇ ਪਰਵਾਨ ਗੁਰਦੁਆਰੇ ਉਤੇ ਹਮਲਾ ਕੀਤਾ ਗਿਆ ਤੇ ਤੁਰੰਤ ਬਾਅਦ ਅਤਿਵਾਦੀਆਂ ਤੇ ਤਾਲਿਬਾਨ ਦੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਮੁਕਾਬਲਾ ਕਈ ਘੰਟੇ ਚੱਲਿਆ ਤੇ ਸਾਰੇ ਤਿੰਨ ਹਮਲਾਵਰ ਮਾਰੇ ਗਏ ਹਨ। ਤਾਲਿਬਾਨ ਦੇ ਤਰਜਮਾਨ ਨੇ ਕਿਹਾ ਕਿ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦਿਆ ਵਾਹਨ ਗੁਰਦੁਆਰੇ ਦੇ ਬਾਹਰ ਹੀ ਉਡਾ ਦਿੱਤਾ ਗਿਆ ਤੇ ਇਸ ਨਾਲ ਹੋਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।