ਮੁੰਬਈ , 21 ਮਈ
ਭਾਰਤੀ ਰਿਜ਼ਰਵ ਬੈਂਚ (ਆਰਬੀਆਈ) ਨੇ ਅੱਜ ਕਿਹਾ ਕਿ ਉਸ ਦੇ ਬੋਰਡ ਨੇ ਵਿੱਤੀ ਵਰ੍ਹੇ 2021-22 ਲਈ ਸਰਕਾਰ ਨੂੰ 30,307 ਕਰੋੜ ਰੁਪਏ ਦਾ ਲਾਭ ਅੰਸ਼ ਦੇਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰਬੀਆਈ ਨੇ ਅੱਜ ਜਾਰੀ ਇੱਕ ਬਿਆਨ ’ਚ ਕਿਹਾ ਕਿ ਉਸ ਦੇ ਬੋਰਡ ਨੇ ਕੇਂਦਰ ਸਰਕਾਰ ਨੂੰ ਵਿੱਤੀ ਵਰ੍ਹੇ 2021-22 ਲਈ 30,307 ਕਰੋੜ ਰੁਪਏ ਦੀ ਵਾਧੂ ਰਾਸ਼ੀ ਦਾ ਭੁਗਤਾਨ ਲਾਭ ਅੰਸ਼ ਵਜੋਂ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਬੈਂਕ ਦਾ ਅਚਨਚੇਤੀ ਜੋਖ਼ਮ ਦੀ ਦਰ 5.50 ਫੀਸਦ ਬਣਾਈ ਰੱਖਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਨਿਰਦੇਸ਼ਕ ਮੰਡਲ ਦੀ 596ਵੀਂ ਮੀਟਿੰਗ ’ਚ ਸਰਕਾਰ ਨੇ ਇਸ ਸਬੰਧੀ ਫ਼ੈਸਲਾ ਲਿਆ ਹੈ। ਪਿਛਲੇ ਸਾਲ ਮਈ ’ਚ ਆਰਬੀਆਈ ਨੇ ਜੁਲਾਈ 2020 ਤੋਂ ਮਾਰਚ 2021 ਤੱਕ ਦੇ ਨੌਂ ਮਹੀਨਿਆਂ ਦੀ ਮਿਆਦ ਲਈ 99,122 ਕਰੋੜ ਰੁਪਏ ਦੇ ਲਾਭ ਅੰਸ਼ ਦੇ ਭੁਗਤਾਨ ਦਾ ਐਲਾਨ ਕੀਤਾ ਸੀ।