ਨਵੀਂ ਦਿੱਲੀ, 22 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਕਦੇ ਵੀ ਕਿਸੇ ਮੁਲਕ ਜਾਂ ਸਮਾਜ ਲਈ ਖ਼ਤਰਾ ਨਹੀਂ ਬਣਿਆ ਤੇ ਇਹ ਅਜੋਕੇ ਦੌਰ ਦੀਆਂ ਆਲਮੀ ਚੁਣੌਤੀਆਂ ਭਰੇ ਮਾਹੌਲ ’ਚ ਵੀ ਸਮੁੱਚੇ ਵਿਸ਼ਵ ਦੀ ਭਲਾਈ ਬਾਰੇ ਸੋਚਦਾ ਹੈ। ਉਨ੍ਹਾਂ ਮੰਨਿਆ ਕਿ ਭਾਰਤ, ਸਿੱਖ ਗੁਰੂਆਂ ਦੇ ਆਦਰਸ਼ਾਂ ਦੀ ਪਾਲਣਾ ਕਰ ਰਿਹਾ ਹੈ। ਇੱਥੇ ਲਾਲ ਕਿਲ੍ਹੇ ’ਚ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਲਾਲ ਕਿਲ੍ਹੇ ਨੇੜੇ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਗੁਰੂ ਤੇਗ ਬਹਾਦਰ ਦੀ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁਲਕ ਵਿੱਚ ਧਾਰਮਿਕ ਕੱਟੜਤਾ ਦੀ ਹਨੇਰੀ ਝੁੱਲ ਰਹੀ ਸੀ। ਉਸ ਸਮੇਂ ਭਾਰਤ ਲਈ ਆਪਣੀ ਪਛਾਣ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਉਮੀਦ ਗੁਰੂ ਤੇਗ ਬਹਾਦਰ ਬਣੇ।