ਚੰਡੀਗੜ੍ਹ, 20 ਅਪਰੈਲ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਅੱਗੇ ਨਾ ਝੁਕਣ ਦੇ ਸੰਕੇਤ ਿਦੱਤੇ ਹਨ। ਉਹ ਹਾਈਕਮਾਨ ਨੂੰ ਉਸੇ ਭਾਸ਼ਾ ਵਿਚ ਜਵਾਬ ਦੇਣਾ ਚਾਹੁੰਦੇ ਹਨ ਜਿਸ ਲਹਿਜ਼ੇ ਨਾਲ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਸੁਨੀਲ ਜਾਖੜ ਨੇ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਵਾਲਿਆਂ ਨੂੰ ਟਿੱਚ ਕਰਕੇ ਜਾਣਿਆ ਹੈ ਤਾਂ ਜੋ ਹਾਈਕਮਾਨ ਨੂੰ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਕਿਸੇ ਦਾਬੇ ਅੱਗੇ ਝੁਕਣ ਵਾਲੇ ਨਹੀਂ। ਸੂਤਰ ਦੱਸਦੇ ਹਨ ਕਿ ਜਾਖੜ ਸਮਝਦੇ ਹਨ ਕਿ ਹਾਈਕਮਾਨ ਨੇ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਦੇ ਦਬਾਅ ਹੇਠ ਆ ਕੇ ਉਨ੍ਹਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਪਤਾ ਲੱਗਾ ਹੈ ਕਿ ਜਾਖੜ ਇਸ ਗੱਲੋਂ ਕਾਫ਼ੀ ਔਖੇ ਹਨ ਕਿ ਹਾਈਕਮਾਨ ਨੇ ਉਨ੍ਹਾਂ ਨੂੰ ਬੁਲਾ ਕੇ ਇਸ ਬਾਰੇ ਗੱਲ ਕਰਨ ਦੀ ਥਾਂ ਸਿੱਧਾ ਹੀ ਨੋਟਿਸ ਜਾਰੀ ਕਰਨ ਵਰਗਾ ਕਦਮ ਚੁੱਕ ਲਿਆ।