ਤਰਨ ਤਾਰਨ, 9 ਮਈ
ਪੰਜਾਬ ਪੁਲੀਸ ਨੇ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ ਦੋ ਵਿਅਕਤੀਆਂ ਨੂੰ ਡੇਢ ਕਿਲੋ ਆਰਡੀਐੱਕਸ ਤੇ ਢਾਈ ਕਿਲੋ ਆਈਈਡੀ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਇੰਨੀ ਵੱਡੀ ਮਾਤਰਾ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਕਰਕੇ ਸਰਹੱਦੀ ਰਾਜ ਵਿੱਚ ਸੰਭਾਵੀ ਦਹਿਸ਼ਤੀ ਹਮਲਾ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦੇ ਬੰਬ ਨਕਾਰਾ ਦਸਤੇ ਨੇ ਧਮਾਕਾਖੇਜ਼ ਸਮੱਗਰੀ ਨੂੰ ਬਾਅਦ ’ਚ ਨਕਾਰਾ ਕਰ ਦਿੱਤਾ। ਸਰਹਾਲੀ ਪੁਲੀਸ ਥਾਣੇ ਵਿੱਚ ਮੁਲਜ਼ਮਾਂ ਖਿਲਾਫ਼ ਆਈਪੀਸੀ ਤੇ ਧਮਾਕਾਖੇਜ਼ ਵਸਤੂ (ਸੋਧ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਵੀ ਬਰਾਮਦ ਹੋੲੇ ਹਨ। ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ| ਪੁਲੀਸ ਮੁਤਾਬਕ ਇਹ ਆਈਈਡੀ ਧਾਤ ਦੇ ਬਣੇ ਕਾਲੇ ਰੰਗ ਦੇ ਬਕਸੇ ਵਿੱਚ ਸੀ, ਜਿਸ ਦਾ ਕੁਲ ਵਜ਼ਨ ਢਾਈ ਕਿਲੋ ਤੋਂ ਵੱਧ ਸੀ। ਬਕਸੇ ਵਿੱਚ ਟਾਈਮਰ, ਡੈਟੋਨੇਟਰ, ਬੈਟਰੀ ਤੇ ਮੇਖਾਂ ਵੀ ਸਨ।