ਨਵੀਂ ਦਿੱਲੀ, 25 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ’ਚ ਰੋਜ਼ਾਨਾ ਤਕਰੀਬਨ 20 ਹਜ਼ਾਰ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਹੋ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਹੂਲਤ ਮਿਲੀ ਹੈ ਬਲਕਿ ਦੇਸ਼ ’ਚ ਇਮਾਨਦਾਰੀ ਦਾ ਮਾਹੌਲ ਵੀ ਬਣ ਰਿਹਾ ਹੈ।ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 88ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇ-ਛੋਟੇ ਆਨਲਾਈਨ ਭੁਗਤਾਨ ਕਰਨ ਨਾਲ ਦੇਸ਼ ਵਿੱਚ ਵੱਡੀ ਡਿਜੀਟਲ ਆਰਥਿਕਤਾ ਦੇ ਹੋਂਦ ’ਚ ਆਉਣ ਵਿਚ ਮਦਦ ਮਿਲ ਰਹੀ ਹੈ ਤੇ ਕਈ ਨਵੇਂ ਵਿੱਤੀ-ਤਕਨੀਕੀ ਸਟਾਰਟਅੱਪ ਹੋਂਦ ’ਚ ਆ ਰਹੇ ਹਨ। ਉਨ੍ਹਾਂ ਨਾਲ ਹੀ ਲੋਕਾਂ ਨੂੰ ਆਪਣੇ ਡਿਜੀਟਲ ਭੁਗਤਾਨ ਦੇ ਤਜਰਬੇ ਹੋਰਾਂ ਨਾਲ ਸਾਂਝੇ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ, ‘ਤੁਹਾਡਾ ਤਜਰਬਾ ਦੇਸ਼ ’ਚ ਹੋਰਾਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ।’ ਉਨ੍ਹਾਂ ਕਿਹਾ, ‘ਹੁਣ ਦੇਸ਼ ਵਿੱਚ ਡਿਜੀਟਲ ਲੈਣ-ਦੇਣ ਰੋਜ਼ਾਨਾ 20 ਹਜ਼ਾਰ ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਮਾਰਚ ਵਿੱਚ ਯੂਪੀਆਈ ਰਾਹੀਂ ਲੈਣ-ਦੇਣ 10 ਲੱਖ ਕਰੋੜ ਰੁਪਏ ਹੋ ਗਿਆ ਹੈ।’