ਚੰਡੀਗੜ੍ਹ, 21 ਅਪਰੈਲ
ਪੰਜਾਬ ਦੇ ਡੀਜੀਪੀ ਨੇ ਡੀਆਈਜੀ ਪੱਧਰ ਦੇ ਦੋ ਸਾਬਕਾ ਅਧਿਕਾਰੀਆਂ ਵਿਰੁੱਧ ਐੱਨਡੀਪੀਐੱਸ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਾਬਕਾ ਡੀਆਈਜੀ (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਤੇ ਸੁਖਦੇਵ ਸਿੰਘ ਸੱਗੂ ’ਤੇ ਦੋਸ਼ ਹੈ ਕਿ ਉਨ੍ਹਾਂ ਫਿਰੋਜ਼ਪੁਰ ਜ਼ੇਲ੍ਹ ਵਿਚ ਕੈਦੀਆਂ ਤੋਂ ਮਿਲਦੇ ਰਹੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਆਪਣੇ ਪੱਧਰ ਉਤੇ ਹੀ ਨਿਬੇੜੇ ਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਦਿੱਤੀ। ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਜਾਂਚ ਮਗਰੋਂ ਕੇਸ ਦਰਜ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਾਂਚ ਰਿਪੋਰਟ ਮੁਤਾਬਕ ਕੈਦੀਆਂ ਤੋਂ ਨਸ਼ੀਲੇ ਪਦਾਰਥ ਤੇ ਮੋਬਾਈਲ ਮਿਲਣ ਦੇ 241 ਮਾਮਲੇ ਸਨ ਪਰ ਜਾਖੜ ਤੇ ਸੱਗੂ ਨੇ ਕਥਿਤ ਤੌਰ ’ਤੇ ਸਿਰਫ਼ ਇਕ ਮਾਮਲੇ ਬਾਰੇ ਹੀ ਜਾਣਕਾਰੀ ਉੱਪਰ ਭੇਜੀ। ਇਹ ਮਾਮਲੇ ਸੰਨ 2005-2011 ਤੱਕ ਦੇ ਹਨ ਜਦ ਉਹ ਫਿਰੋਜ਼ਪੁਰ ਜੇਲ੍ਹ ਵਿਚ ਸੁਪਰਡੈਂਟ ਵਜੋਂ ਤਾਇਨਾਤ ਸਨ।