ਚੰਡੀਗੜ੍ਹ, 14 ਮਾਰਚ
ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਚ ਅੱਜ ਕੀਤੇ ਗਏ ‘ਧੰਨਵਾਦ ਮਾਰਚ’ ਅਤੇ ਰੋਡ ਸ਼ੋਅ ਲਈ ਕਈ ਸਰਕਾਰੀ ਬੱਸਾਂ ਦੀ ਵਰਤੋਂ ਹੋਣ ਤੋਂ ਬਾਅਦ ‘ਆਪ’ ’ਤੇ ਵਿਰੋਧੀ ਧਿਰਾਂ ਨੇ ਨਿਸ਼ਾਨਾ ਸੇਧਿਆ ਹੈ। ਦੱਸਣਯੋਗ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਅੰਮ੍ਰਿਤਸਰ ਵਿੱਚ ‘ਧੰਨਵਾਦ ਮਾਰਚ’ ਰੱਖਿਆ ਹੋਇਆ ਸੀ। ਇਸ ਵਿਚ ਸ਼ਾਮਲ ਹੋਣ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਪੰਜਾਬ ਦੇ ਸਮੂਹ ਵਿਧਾਇਕ ਪੁੱਜੇ ਸਨ। ‘ਧੰਨਵਾਦ ਮਾਰਚ’ ਵਿੱਚ ਪੰਜਾਬ ਭਰ ਤੋਂ ਪਾਰਟੀ ਵਰਕਰਾਂ ਨੂੰ ਲਿਆਉਣ ਲਈ ਪੀਆਰਟੀਸੀ, ਪੰਜਾਬ ਰੋਡਵੇਜ਼, ਪਨਬੱਸ ਦੀਆਂ ਕੁੱਲ 700 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਗਈ ਹੈ।