ਪਟਿਆਲਾ, 2 ਮਈ
ਖ਼ਾਲਿਸਤਾਨ ਦੇ ਮੁੱਦੇ ’ਤੇ ਮਾਰਚ ਕੱਢਣ ਦੌਰਾਨ 29 ਅਪਰੈਲ ਨੂੰ ਪਟਿਆਲਾ ਵਿਚ ਸਿੱਖਾਂ ਅਤੇ ਹਿੰਦੂ ਕਾਰਕੁਨਾਂ ਦਰਮਿਆਨ ਹੋਏ ਟਕਰਾਅ ਸਬੰਧੀ ਮੁੱਖ ਸਾਜ਼ਿਸ਼ਘਾੜੇ ਕਰਾਰ ਦਿੱਤੇ ਗਏ ਸਿੱਖ ਨੌਜਵਾਨ ਬਲਜਿੰਦਰ ਸਿੰਘ ਪਰਵਾਨਾ (38) ਅਤੇ ਸ਼ਿਵ ਸੈਨਾ (ਬਾਲ ਠਾਕਰੇ) ਦੇ ਜ਼ਿਲ੍ਹਾ ਪ੍ਰਧਾਨ ਸ਼ੰਕਰ ਭਾਰਦਵਾਜ ਸਮੇਤ ਛੇ ਜਣਿਆਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਭੜਕਾਊ ਪ੍ਰਚਾਰ ਦੇ ਦੋਸ਼ ਹੇਠ ਪੰਡਤ ਅਸ਼ਵਨੀ ਗੱਗੀ, ਰਾਜਿੰਦਰ ਸਿੰਘ ਸਮਾਣਾ, ਦਵਿੰਦਰ ਸਿੰਘ ਜੀਂਦ ਅਤੇ ਵਾਸਦੇਵ ਵਾਸੀ ਫਤਿਹਗੜ੍ਹ ਸਾਹਿਬ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਦੋ ਗੁੱਟਾਂ ’ਚ ਹੋਏ ਟਕਰਾਅ ਦੇ ਸਬੰਧ ’ਚ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪਟਿਆਲਾ ਦੇ ਨਵੇਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪਰਵਾਨਾ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ |