ਚੰਡੀਗੜ੍ਹ, 14 ਮਾਰਚ
16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਇਤਿਹਾਸ ਸਿਰਜਿਆ ਹੈ। ਉਥੇ ਹੀ ਇਸ ਵਾਰ 86 ਵਿਧਾਇਕ (80 ਫ਼ੀਸਦ) ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਪੁੱਜ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ ਇਸ ਵਾਰ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਪੰਜਾਬ ਵਿਧਾਨ ਸਭਾ ਦੇ ਇਸ ਵਾਰ ਦੇ ਨਤੀਜੇ ਕਿਸੇ ਸੁਨਾਮੀ ਤੋਂ ਘੱਟ ਨਹੀਂ ਰਹੇ। ਇਸ ਦੌਰਾਨ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ, ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਸਣੇ ਕਈ ਵੱਡੇ ਥੰਮ੍ਹ ਡਿੱਗੇ, ਜਿਨ੍ਹਾਂ ਨੂੰ ਸਾਧਾਰਨ ਘਰਾਂ ਦੇ ਆਗੂਆਂ ਨੇ ਚਿੱਤ ਕੀਤਾ ਹੈ।