ਅੰਮ੍ਰਿਤਸਰ/ਪਿਸ਼ਾਵਰ, 16 ਮਈ
ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਅੱਜ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕਰ ਦਿੱਤੀ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਗੜਬੜ ਵਾਲੇ ਸੂਬੇ ’ਚ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਜਾਨੋਂ ਮਾਰਨ ਦੀ ਇਹ ਤਾਜ਼ੀ ਘਟਨਾ ਹੈ। ਮ੍ਰਿਤਕਾਂ ਦੀ ਪਛਾਣ ਕੰਵਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਵਜੋਂ ਹੋਈ ਹੈ। ਸਦਰ ਐੱਸਪੀ ਅਤੀਕ ਹੁਸੈਨ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਅਤਿਵਾਦ ਦੇ ਟਾਕਰੇ ਲਈ ਬਣੇ ਵਿਭਾਗ ਨੇ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ,‘‘ਇਹ ਦਹਿਸ਼ਤੀ ਹਮਲਾ ਜਾਪਦਾ ਹੈ। ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਸ਼ੱਕੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।’