ਅਹਿਮਦਾਬਾਦ/ਨਵੀਂ ਦਿੱਲੀ, 22 ਅਪਰੈਲ
ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਭਾਰਤ ਦੀ ਦੋ ਰੋਜ਼ਾ ਫੇਰੀ ਤਹਿਤ ਅੱਜ ਗੁਜਰਾਤ ਪੁੱਜੇ। ਅਹਿਮਦਾਬਾਦ ਹਵਾਈ ਅੱਡੇ ਤੋਂ ਸ਼ਹਿਰ ਦੇ ਹੋਟਲ ਤੱਕ ਚਾਰ ਕਿਲੋਮੀਟਰ ਦੇ ਰਸਤੇ ’ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਹਵਾਈ ਅੱਡੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਰਾਜਪਾਲ ਅਚਾਰੀਆ ਦੇਵਵ੍ਰਤ ਨੇ ਸਵਾਗਤ ਕੀਤਾ। ਇਸ ਮੌਕੇ ਸੂਬੇ ਦੇ ਸੀਨੀਅਰ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਸਨ। ਜੌਹਨਸਨ ਨੇ ਬਰਤਾਨਵੀ ਫਰਮ ਵੱਲੋਂ ਹਲੋਲ ਵਿੱਚ ਖੋਲ੍ਹੀ ਗਈ ਨਵੀਂ ਜੇਸੀਬੀ ਫੈਕਟਰੀ ਦਾ ਉਦਘਾਟਨ ਕੀਤਾ। ਉਹ ਯੂਨੀਵਰਸਿਟੀ ਆਫ ਐਡਿਨਬਰਗ ਦੇ ਸਹਿਯੋਗ ਨਾਲ ਕੰਮ ਕਰ ਰਹੀ ਬਾਇਓਟੈਕਨਾਲੋਜੀ ਯੂਨੀਵਰਸਿਟੀ ਵੀ ਗਏ। ਜੌਹਨਸਨ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ ਤੇ ਇਸ ਦੌਰਾਨ ਦੋਵੇਂ ਮੁਲਕ ਰੱਖਿਆ, ਸਾਫ਼ ਤੇ ਨਵਿਆਉਣਯੋਗ ਊਰਜਾ, ਵਾਤਾਵਰਨ, ਸਾਫਟਵੇਅਰ ਇੰਜਨੀਅਰਿੰਗ, ਸਿਹਤ ਤੇ ਹੋਰ ਕਈ ਅਹਿਮ ਖੇਤਰਾਂ ਵਿੱਚ ਦੁਵੱਲੇ ਵਪਾਰਕ ਸਮਝੌਤਿਆਂ ਨੂੰ ਸਹੀਬੰਦ ਕਰਨਗੇ।