ਨਵੀਂ ਦਿੱਲੀ, 3 ਮਾਰਚ
ਯੂਕਰੇਨ ਪੜ੍ਹਨ ਗਏ ਵਿਦਿਆਰਥੀਆਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਕੀਤੀ ਗਈ ਟਿੱਪਣੀ ਦੀ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ‘ਗ਼ੈਰ-ਸੰਵੇਦਨਸ਼ੀਲ ਤੇ ਬੇਰਹਿਮ ਕਰਾਰ’ ਦਿੱਤਾ ਹੈ। ਜੈਰਾਮ ਨੇ ਕਿਹਾ ਕਿ ਜੋਸ਼ੀ ਆਪਣੀ ਸਰਕਾਰ ਦੀ ਨਾਕਾਮੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਆਗੂ ਨੇ ਕਿਹਾ, ‘ਪ੍ਰਹਿਲਾਦ ਜੋਸ਼ੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਲੁਕੋ ਰਹੇ ਹਨ ਤੇ ਉਨ੍ਹਾਂ ਨੂੰ ਬਸ ਪ੍ਰਚਾਰ ਦਾ ਫ਼ਿਕਰ ਹੈ। ਨਮੋ ਦਾ ਇਕੋ-ਇਕ ਮੰਤਰ ਹੈ ਨਾਟੋ- ਨੋ ਐਕਸ਼ਨ ਤਮਾਸ਼ਾ ਔਨਲੀ’। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਮੰਤਰੀ ਨੇ ਕਿਹਾ ਸੀ ਕਿ ਜਿਹੜੇ ਭਾਰਤ ਵਿਚ ਦਾਖ਼ਲਾ ਪ੍ਰੀਖਿਆਵਾਂ ’ਚ ਫੇਲ੍ਹ ਹੋ ਜਾਂਦੇ ਹਨ, ਉਹੀ ਮੈਡੀਕਲ ਦੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ ਵਿਸਾਰ ਹੀ ਦਿੱਤਾ ਹੈ ਤੇ ਯੂਕਰੇਨ ਵਿਚਲੇ ਭਾਰਤੀ ਵਿਦਿਆਰਥੀਆਂ ਦੀ ਬੇਇੱਜ਼ਤੀ ਕੀਤੀ ਹੈ।