ਕੋਪਨਹੈਗਨ, 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਤੇ ਨੌਰਡਿਕ (ਯੂਰੋਪ ਦੇ ਉੱਤਰੀ ਹਿੱਸੇ ਵਿੱਚ ਵਸੇ) ਮੁਲਕ ਮਿਲ ਕੇ ਚੱਲਣ ਤਾਂ ਬਹੁਤ ਕੁਝ ਹਾਸਲ ਕਰਨ ਦੇ ਨਾਲ ਆਲਮੀ ਖ਼ੁਸ਼ਹਾਲੀ ਤੇ ਟਿਕਾਊ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਸ੍ਰੀ ਮੋਦੀ ਇਥੇ ਦੂਜੀ ਭਾਰਤ-ਨੌਰਡਿਕ ਸਿਖਰ ਵਾਰਤਾ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਵਾਰਤਾ ਵਿੱਚ ਡੈਨਮਾਰਕ, ਫਿਨਲੈਂਡ, ਆਈਸਲੈਂਡ, ਨੌਰਵੇ ਤੇ ਸਵੀਡਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹੋੲੇ। ਸਿਖਰ ਵਾਰਤਾ ਮੁੱਖ ਰੂਪ ਵਿੱਚ ਮਹਾਮਾਰੀ ਮਗਰੋਂ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ, ਨਵਿਆਉਣਯੋਗ ਊਰਜਾ ਤੇ ਆਲਮੀ ਸੁਰੱਖਿਆ ਵਿੱਚ ਸਹਿਯੋਗ ਜਿਹੇ ਮੁੱਦਿਆਂ ’ਤੇ ਕੇਂਦਰਿਤ ਸੀ। ਵਾਰਤਾ ਦੌਰਾਨ ਯੂਕਰੇਨ ਸੰਕਟ ਦੇ ਵਿਆਪਕ ਖੇਤਰੀ ਅਤੇ ਆਲਮੀ ਅਸਰ ਬਾਰੇ ਵੀ ਚਰਚਾ ਕੀਤੀ ਗਈ।