ਚੰਡੀਗੜ੍ਹ, 15 ਅਪਰੈਲ
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹਰਿਆਣਾ ਅਤੇ ਉੱਤਰਾਖੰਡ ਤੋਂ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਹ ਧਰਮਿੰਦਰ ਭਿੰਦਾ ਕਤਲ ਕੇਸ ਵਿੱਚ ਲੋੜੀਂਦੇ ਸਨ। ਪਹਿਲਵਾਨ ਵਜੋਂ ਜਾਣੇ ਜਾਂਦੇ ਭਿੰਦਾ ਨੂੰ ਪਟਿਆਲਾ ਵਿੱਚ ਮਾਰਿਆ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਅਤੇ ਉਤਰਾਖੰਡ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇ ਦੌਰਾਨ ਇਹ ਗ੍ਰਿਫ਼ਤਾਰੀਆਂ ਹੋਈਆਂ। ‘ਆਪ’ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੀਂ ਬਣਾਈ ਗਈ ਏਜੀਟੀਐੱਫ ਵੱਲੋਂ ਇਹ ਪਹਿਲੀ ਕਾਰਵਾਈ ਹੈ। ਏਡੀਜੀਪੀ ਪ੍ਰਮੋਦ ਬਾਨ ਏਜੀਟੀਐੱਫ ਦੇ ਮੁਖੀ ਹਨ। ਏਆਈਜੀ ਗੁਰਮੀਤ ਚੌਹਾਨ ਅਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਮੁੱਖ ਮੈਂਬਰ ਹਨ। ਇਨ੍ਹਾਂ ਗ੍ਰਿਫ਼ਤਾਰੀਆਂ ਬਾਰੇ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ।