ਨਵੀਂ ਦਿੱਲੀ, 13 ਮਈ
ਖੁਰਾਕੀ ਵਸਤਾਂ ਤੇ ਈਂਧਣ ਕੀਮਤਾਂ ਵਿੱਚ ਉਛਾਲ ਨਾਲ ਪ੍ਰਚੂਨ ਮਹਿੰਗਾਈ ਅਪਰੈਲ ਵਿੱਚ 7.79 ਫੀਸਦ ਦੇ ਅੰਕੜੇ ਨਾਲ ਪਿਛਲੇ ਅੱਠ ਸਾਲਾਂ ਵਿੱਚ ਸਿਖਰਲੇ ਪੱਧਰ ’ਤੇ ਪੁੱਜ ਗਈ ਹੈ। ਇਹੀ ਵਜ੍ਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਅਗਲੇ ਮਹੀਨੇ ਹੋਣ ਵਾਲੀ ਆਪਣੀ ਸਮੀਖਿਆ ਮੀਟਿੰਗ ਦੌਰਾਨ ਨੀਤੀਗਤ ਵਿਆਜ ਦਰਾਂ ਨੂੰ ਇਕ ਵਾਰ ਫਿਰ ਵਧਾਉਣਾ ਪੈ ਸਕਦਾ ਹੈ। ਵਧਦੀ ਮਹਿੰਗਾਈ ਕਰਕੇ ਆਰਬੀਆਈ ਨੇ ਪਿਛਲੇ ਹਫ਼ਤੇ ਰੈਪੋ ਦਰਾਂ ਵਿੱਚ 40 ਆਧਾਰ ਅੰਕਾਂ ਦਾ ਵਾਧਾ ਕਰਕੇ ਇਸ ਨੂੰ 4 ਤੋਂ 4.40 ਫੀਸਦ ਕਰ ਦਿੱਤਾ ਸੀ। ਇਸ ਦੌਰਾਨ ਕੇਂਦਰੀ ਵਿੱਤ ਮੰਤਰਾਲਾ ਆਸਵੰਦ ਹੈ ਕਿ ਆਰਬੀਆਈ ਤੇ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਨਾਲ ਵਧਦੀ ਮਹਿੰਗਾਈ ਨੂੰ ਠੱਲ੍ਹ ਪਾਉਣ ਤੇ ਕਾਬੂ ਵਿੱਚ ਰੱਖਣ ’ਚ ਮਦਦ ਮਿਲੇਗੀ। ਮੰਤਰਾਲੇ ਦਾ ਮੰਨਣਾ ਹੈ ਕਿ ਮੰਗ ਵਿੱਚ ਹੌਲੀ ਹੌਲੀ ਸੁਧਾਰ ਆਉਣ ਲੱਗਾ ਹੈ ਤੇ ਮਹਿੰਗਾਈ ਦੇ ਲਗਾਤਾਰ ਸਿਖਰਲੇ ਪੱਧਰ ’ਤੇ ਬਣੇ ਰਹਿਣ ਦਾ ਜੋਖਮ ਬਹੁਤ ਘੱਟ ਹੈ। ਰੂਸ-ਯੂਕਰੇਨ ਜੰਗ ਕਰਕੇ ਪਿਛਲੇ ਚਾਰ ਮਹੀਨਿਆਂ ਤੋਂ ਮਹਿੰਗਾਈ 6 ਫੀਸਦ ਤੋਂ ਵੱਧ ਹੈ, ਜਿਸ ਨੂੰ ਆਰਬੀਆਈ ਲਈ ਸੁਖਾਵੀਂ ਸਥਿਤੀ ਨਹੀਂ ਮੰਨਿਆ ਜਾ ਸਕਦਾ।