ਨਵੀਂ ਦਿੱਲੀ , 27 ਮਈ
ਦਹਿਸ਼ਤੀ ਫੰਡਿੰਗ ਕੇਸ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਇਕ ਦਿਨ ਮਗਰੋਂ ਵੱਖਵਾਦੀ ਆਗੂ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਤਿਹਾੜ ਜੇਲ੍ਹ ਦੀ ਵੱਖਰੀ ਕੋਠੜੀ ’ਚ ਰੱਖਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਮਲਿਕ ਨੂੰ ਸ਼ਾਇਦ ਜੇਲ੍ਹ ਵਿੱਚ ਕੋਈ ਕੰਮ ਨਾ ਦਿੱਤਾ ਜਾਵੇ। ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ, ‘‘ਮਲਿਕ ਨੂੰ ਸਖ਼ਤ ਸੁਰੱਖਿਆ ਛਤਰੀ ਹੇਠ ਜੇਲ੍ਹ ਨੰਬਰ ਸੱਤ ਵਿੱਚ ਵੱਖਰੀ ਕੋਠੜੀ ’ਚ ਰੱਖਿਆ ਗਿਆ ਹੈ। ਉਸ ਦੀ ਸੁਰੱਖਿਆ ’ਤੇ ਨਿਯਮਤ ਨਿਗਰਾਨੀ ਰੱਖਣ ਦੇ ਨਾਲ ਸਮੇਂ ਸਮੇਂ ’ਤੇ ਸਾਰੇ ਪ੍ਰਬੰਧਾਂ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤੀ ਫੰਡਿੰਗ ਕੇਸ ’ਚ ਦੋਸ਼ੀ ਠਹਿਰਾਏ ਜਾਣ ਕਰਕੇ ਮਲਿਕ ਕਿਸੇ ਪੈਰੋਲ ਜਾਂ ਫਰਲੋ ਦਾ ਹੱਕਦਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਵੀ ਮਲਿਕ ਨੂੰ ਵੱਖਰੀ ਕੋਠੜੀ ਵਿੱਚ ਰੱਖਿਆ ਗਿਆ ਸੀ, ਜਿੱਥੇ ਉਹ ਜੇਲ੍ਹ ਨੰਬਰ ਸੱਤ ਵਿੱਚ ਇਕੱਲਾ ਰਹਿੰਦਾ ਸੀ।