ਲਵੀਵ, 20 ਮਾਰਚ
ਰੂਸ ਵੱਲੋਂ ਬੰਦਰਗਾਹ ਸ਼ਹਿਰ ਮਾਰਿਉਪੋਲ ’ਚ ਕੀਤੇ ਗਏ ਹਮਲੇ ’ਚ ਇਕ ਆਰਟ ਸਕੂਲ ਤਬਾਹ ਹੋ ਗਿਆ ਹੈ। ਇਸ ਸਕੂਲ ’ਚ ਕਰੀਬ 400 ਲੋਕਾਂ ਨੇ ਪਨਾਹ ਲਈ ਹੋਈ ਸੀ ਅਤੇ ਜਾਨੀ ਨੁਕਸਾਨ ਦਾ ਪਤਾ ਨਹੀਂ ਲੱਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਬੰਬਾਰੀ ਕਾਰਨ ਸਕੂਲ ਦੀ ਇਮਾਰਤ ਢਹਿ-ਢੇਰੀ ਹੋ ਗਈ ਅਤੇ ਲੋਕ ਮਲਬੇ ਹੇਠਾਂ ਫਸੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਨੇ ਬੁੱਧਵਾਰ ਨੂੰ ਮਾਰਿਉਪੋਲ ’ਚ ਇਕ ਥੀਏਟਰ ਨੂੰ ਨਿਸ਼ਾਨਾ ਬਣਾਇਆ ਸੀ ਜਿਸ ’ਚ ਕਈ ਆਮ ਲੋਕ ਹਮਲਿਆਂ ਤੋਂ ਬਚਣ ਲਈ ਰੁਕੇ ਹੋਏ ਸਨ। ਇਸ ਦੌਰਾਨ ਮਾਈਕੋਲਾਈਵ ਦੇ ਕਾਲਾ ਸਾਗਰ ਬੰਦਰਗਾਹ ਸ਼ਹਿਰ ’ਤੇ ਰਾਕੇਟ ਹਮਲੇ ’ਚ 40 ਜਲ ਸੈਨਿਕਾਂ ਦੀ ਮੌਤ ਹੋ ਗਈ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਮਾਰਿਉਪੋਲ ਦੀ ਰੂਸੀ ਫ਼ੌਜ ਵੱਲੋਂ ਕੀਤੀ ਗਈ ਘੇਰਾਬੰਦੀ ਜੰਗੀ ਅਪਰਾਧ ਦੇ ਦਾਇਰੇ ’ਚ ਆਉਂਦੀ ਹੈ।