ਨਵੀਂ ਦਿੱਲੀ, 20 ਅਪਰੈਲ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਲਈ ਰਾਹ ਪੱਧਰਾ ਕਰਦੇ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਸੋਧ) ਬਿੱਲ 2022 ਅਤੇ ਅਪਰਾਧਿਕ ਕਾਰਵਾਈ (ਪਛਾਣ) ਬਿੱਲ ’ਤੇ ਅੱਜ ਰਸਮੀ ਮੋਹਰ ਲਾ ਦਿੱਤੀ ਹੈ। ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ ਇਹ ਦੋਵੇਂ ਬਿੱਲ ਹੁਣ ਗਜ਼ਟ ਵਿੱਚ ਨੋਟੀਫਾਈ ਹੋਣ ਨਾਲ ਕਾਨੂੰਨ ਦੀ ਸ਼ਕਲ ਲੈ ਲੈਣਗੇ।ਲੋਕ ਸਭਾ ਨੇ ਦਿੱਲੀ ਨਗਰ ਨਿਗਮ (ਸੋਧ) ਬਿੱਲ 30 ਮਾਰਚ ਨੂੰ ਪਾਸ ਕਰ ਦਿੱਤਾ ਸੀ ਜਦੋਂਕਿ ਉਪਰਲੇ ਸਦਨ ਨੇ 5 ਅਪਰੈਲ ਨੂੰ ਮਨਜ਼ੂਰੀ ਦਿੱਤੀ। ਕੇਂਦਰ ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਮੁਤਾਬਕ, ‘‘ਰਾਸ਼ਟਰਪਤੀ ਨੇ 18 ਅਪਰੈਲ 2022 ਨੂੰ ਸੰਸਦ (ਦੋਵਾਂ ਸਦਨਾਂ) ਦੀ ਸਹਿਮਤੀ ਵਾਲੇ ਐਕਟ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਕਾਨੂੰਨ ਨੂੰ ਆਮ ਲੋਕਾਂ ਦੀ ਜਾਣਕਾਰੀ ਲਈ ਪ੍ਰਕਾਸ਼ਿਤ ਕੀਤਾ ਜਾਂਦਾ ਹੈ: ਦਿ ਦਿੱਲੀ ਮਿਉਂਸਿਪਲ ਕਾਰਪੋਰੇਸ਼ਨ (ਸੋਧ) ਐਕਟ 2022 ਨੰ.10 ਆਫ਼ 2022’’।