ਨਵੀਂ ਦਿੱਲੀ, 20 ਮਈ
ਸੁਪਰੀਮ ਕੋਰਟ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਕੇਸ ’ਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ੲੇ ਐੱਮ ਖਾਨਵਿਲਕਰ ਅਤੇ ਐੱਸ ਕੇ ਕੌਲ ਦੇ ਬੈਂਚ ਨੇ ਸਿੱਧੂ ਨੂੰ ਦਿੱਤੀ ਗਈ ਸਜ਼ਾ ਦੇ ਮੁੱਦੇ ’ਤੇ ਪੀੜਤ ਪਰਿਵਾਰ ਵੱਲੋਂ ਦਾਖ਼ਲ ਨਜ਼ਰਸਾਨੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ। ਉਂਜ ਸਿਖਰਲੀ ਅਦਾਲਤ ਨੇ ਮਈ 2018 ’ਚ ਸਿੱਧੂ ਨੂੰ 65 ਸਾਲ ਦੇ ਇਕ ਵਿਅਕਤੀ ਨੂੰ ‘ਜਾਣਬੁੱਝ ਕੇ ਸੱਟ ਮਾਰਨ’ ਦਾ ਦੋਸ਼ੀ ਠਹਿਰਾਇਆ ਸੀ ਪਰ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਉਸ ਨੂੰ ਛੱਡ ਦਿੱਤਾ ਗਿਆ ਸੀ। ਬੈਂਚ ਨੇ ਅੱਜ ਫ਼ੈਸਲਾ ਸੁਣਾਉਂਦਿਆਂ ਕਿਹਾ,‘‘ਸਾਨੂੰ ਲਗਦਾ ਹੈ ਕਿ ਰਿਕਾਰਡ ’ਚ ਇਕ ਖਾਮੀ ਸਪੱਸ਼ਟ ਹੈ। ਇਸ ਲਈ ਅਸੀਂ ਸਜ਼ਾ ਦੇ ਮੁੱਦੇ ’ਤੇ ਨਜ਼ਰਸਾਨੀ ਅਰਜ਼ੀ ਨੂੰ ਮਨਜ਼ੂਰ ਕੀਤਾ ਹੈ। ਲਾੲੇ ਗਏ ਜੁਰਮਾਨੇ ਤੋਂ ਇਲਾਵਾ ਅਸੀਂ ਇਕ ਸਾਲ ਜੇਲ੍ਹ ਦੀ ਸਜ਼ਾ ਦੇਣਾ ਠੀਕ ਸਮਝਦੇ ਹਾਂ।’’