ਮਾਨਸਾ, 8 ਜੂਨ
ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਲਈ ਮਾਨਸਾ ਵਿਖੇ ਆਧੁਨਿਕ ਅਨਾਜ ਮੰਡੀ ਵਿੱਚ ਕੀਰਤਨ ਆਰੰਭ ਹੋ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਸਵੇਰ ਤੋਂ ਹੀ ਪੁੱਜਣੇ ਸ਼ੁਰੂ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਅਨੇਕਾਂ ਪ੍ਰਸ਼ੰਸਕ ਤਾਂ ਰਾਤ ਤੋਂ ਹੀ ਅਤੇ ਬਹੁਤੇ ਵੱਡੇ ਤੜਕੇ ਦੇ ਆ ਰਹੇ ਹਨ। ਪਰਿਵਾਰ ਵਲੋਂ ਪਹਿਲਾਂ ਸਵੇਰੇ ਸਵਾ ਅੱਠ ਵਜੇ ਪਿੰਡ ਮੂਸਾ ਵਿਖੇ ਘਰ ਸਹਿਜ ਪਾਠ ਦੇ ਭੋਗ ਪਾਏ ਗਏ, ਉਥੇ ਵੀ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਪ੍ਰਬੰਧਕਾਂ ਤੋਂ ਪਤਾ ਲੱਗਿਆ ਹੈ ਕਿ ਪਾਠੀ ਸਿੰਘਾਂ ਵਲੋਂ ਸਵਾ ਇੱਕ ਵਜੇ ਅੰਤਿਮ ਅਰਦਾਸ ਕਰ ਦਿੱਤੀ ਜਾਵੇਗੀ। ਲੋਕਾਂ ਲਈ ਲੰਗਰ, ਚਾਹ ਅਤੇ ਪੀਣ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਸਮਾਗਮ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ, ਕਸ਼ਮੀਰ ਸਮੇਤ ਹੋਰਨਾਂ ਰਾਜਾਂ ਤੋਂ ਵੀ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਜੁੜੀ ਹੋਈ ਹੈ। ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਲੋਕਾਂ ਦੇ ਮੱਥਾ ਟੇਕਣ ਲਈ ਪੁਲੀਸ ਨੇ 29 ਗੇਟ ਬਣਾਏ ਗਏ ਹਨ ਅਤੇ ਲੋਕਾਂ ਲਈ ਲੰਗਰ ਤਿਆਰ ਕਰਕੇ ਦੇਣ ਵਾਲੀਆਂ 13 ਗੁਰੂ ਘਰਾਂ ਦੀਆਂ ਵਿਸ਼ੇਸ਼ ਟੀਮਾਂ ਆਪਣੀ ਡਿਊਟੀ ਨਿਭਾਅ ਰਹੀਆਂ ਹਨ।