ਚੰਡੀਗੜ੍ਹ , 18 ਮਾਰਚ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਬਿਨਾਂ ਨਾਮ ਲਏ ਤਿੱਖਾ ਹਮਲਿਆਂ ਕਰਦਿਆਂ ਸੀਨੀਅਰ ਨੇਤਾ ਅੰਬਿਕਾ ਸੋਨੀ ਨੂੰ ਪਾਰਟੀ ਚੋਂ ਚੱਲਦਾ ਕਰਨ ਦੀ ਹਾਈਕਮਾਨ ਅੱਗੇ ਮੰਗ ਰੱਖ ਦਿੱਤੀ ਹੈ। ਜਾਖੜ ਨੇ ਕਿਹਾ ਕਿ ਹੁਣ ਇੱਕ ਦੂਜੇ ’ਤੇ ਨਿਰਮੂਲ ਦੋਸ਼ ਲਾਉਣ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਅਤੇ ਹੁਣ ਸਖ਼ਤ ਕਦਮ ਚੁੱਕਣੇ ਪੈਣੇ ਹਨ। ਜਾਖੜ ਨੇ ਇਸ਼ਾਰੇ ਵਿੱਚ ਕਿਹਾ ਕਿ ਹਾਈਕਮਾਨ ਨੂੰ ਇਸ ਵਾਸਤੇ ਵੱਡਾ ਹੌਸਲਾ ਦਿਖਾਉਣਾ ਪਵੇਗਾ। ਚੇਤੇ ਰਹੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਨਵੇਂ ਮੁੱਖ ਮੰਤਰੀ ਲਈ ਉਮੀਦਵਾਰ ਦੀ ਚੋਣ ਹੋ ਰਹੀ ਸੀ ਤਾਂ ਉਦੋਂ ਬਹੁਗਿਣਤੀ ਵਿਧਾਇਕਾਂ ਦੀ ਹਮਾਇਤ ਹੋਣ ਕਰਕੇ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਫ਼ੈਸਲਾ ਕਰ ਲਿਆ ਗਿਆ ਸੀ ਪਰ ਉਸੇ ਵੇਲੇ ਹੀ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਕਿਸੇ ਸਿੱਖ ਨੂੰ ਬਣਾਏ ਜਾਣ ਦਾ ਬਿਆਨ ਜਾਰੀ ਕਰ ਦਿੱਤਾ ਸੀ।