ਨਵੀਂ ਦਿੱਲੀ, 21 ਅਪਰੈਲ
ਫ਼ਿਰਕੂ ਹਿੰਸਾ ਨਾਲ ਗ੍ਰਸਤ ਰਹੇ ਦਿੱਲੀ ਦੇ ਜਹਾਂਗੀਰਪੁਰ ਇਲਾਕੇ ਵਿਚ ਅੱਜ ਸਵੇਰੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਹਵਾਲੇ ਨਾਲ ਕਈ ਪੱਕੀਆਂ ਤੇ ਆਰਜ਼ੀ ਦੁਕਾਨਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਸ ਮੌਕੇ ਕਈ ਕੰਕਰੀਟ ਦੇ ਤੇ ਕਈ ਕੱਚੇ ਢਾਂਚੇ ਢਹਿ-ਢੇਰੀ ਕਰ ਦਿੱਤੇ ਗਏ। ਇਹ ਢਾਂਚੇ ਮਸਜਿਦ ਦੇ ਨੇੜੇ ਸਥਿਤ ਸਨ। ਇਹ ਕਾਰਵਾਈ ਉੱਤਰ-ਪੱਛਮ ਦਿੱਲੀ ਨਗਰ ਨਿਗਮ ਨੇ ਅਮਲ ਵਿਚ ਲਿਆਂਦੀ ਹੈ ਜਿਸ ਉਤੇ ਭਾਜਪਾ ਕਾਬਜ਼ ਹੈ। ਤੋੜ-ਭੰਨ੍ਹ ਦੀ ਇਸ ਕਾਰਵਾਈ ਨੂੰ ਰੋਕਣ ਲਈ ਮਗਰੋਂ ਸੁਪਰੀਮ ਕੋਰਟ ਨੂੰ ਦੋ ਵਾਰ ਦਖ਼ਲ ਦੇਣਾ ਪਿਆ। ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਪਹਿਲੀ ਵਾਰ ਸੁਪਰੀਮ ਕੋਰਟ ਦੇ ਹੁਕਮ ਆਉਣ ਤੋਂ ਇਕ ਘੰਟੇ ਬਾਅਦ ਤੱਕ ਵੀ ਬੁਲਡੋਜ਼ਰ ਚੱਲਦਾ ਰਿਹਾ।