ਨਵੀਂ ਦਿੱਲੀ, 6 ਮਈ
ਜੰਮੂ ਕਸ਼ਮੀਰ ਲਈ ਚੋਣ ਨਕਸ਼ਾ ਖਿੱਚਦਿਆਂ ਤਿੰਨ ਮੈਂਬਰੀ ਹੱਦਬੰਦੀ ਕਮਿਸ਼ਨ ਨੇ ਦੋ ਸਾਲਾ ਮਿਆਦ ਪੁੱਗਣ ਤੋਂ ਮਹਿਜ਼ ਇਕ ਦਿਨ ਪਹਿਲਾਂ ਆਪਣੀ ਅੰਤਿਮ ਰਿਪੋਰਟ ਨੋਟੀਫਾਈ ਕਰ ਦਿੱਤੀ ਹੈ। ਰਿਪੋਰਟ ਵਿੱਚ ਜੰਮੂ ਖਿੱਤੇ ਨੂੰ 6 ਤੇ ਕਸ਼ਮੀਰ ਵਾਦੀ ਨੂੰ ਇਕ ਵਾਧੂ ਅਸੈਂਬਲੀ ਹਲਕਾ ਦਿੱਤਾ ਗਿਆ ਹੈ। ਰਾਜੌਰੀ ਤੇ ਪੁਣਛ ਇਲਾਕਿਆਂ ਨੂੰ ਅਨੰਤਨਾਗ ਸੰਸਦੀ ਹਲਕੇ ਅਧੀਨ ਲਿਆਂਦਾ ਗਿਆ ਹੈ। 90 ਮੈਂਬਰੀ ਅਸੈਂਬਲੀ ਵਿੱਚ ਜੰਮੂ ਡਿਵੀਜ਼ਨ ’ਚ 43 ਤੇ ਕਸ਼ਮੀਰ ਵਿੱਚ 47 ਅਸੈਂਬਲੀ ਹਲਕੇ ਹੋਣਗੇ। ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਹੱਦਬੰਦੀ ਕਮਿਸ਼ਨ ਵੱਲੋਂ ਕੀਤੇ ਬਦਲਾਅ/ਸਿਫਾਰਸ਼ਾਂ ਅਮਲ ਵਿੱਚ ਆ ਜਾਣਗੀਆਂ।