ਚੰਡੀਗੜ੍ਹ : ਪੰਜਾਬ ਵਿਚ ਇਨਕਮ ਟੈਕਸ(IT) ਵੱਲੋਂ ਬੀਤੇ ਦੋ ਦਿਨਾਂ ਦੌਰਾਨ 10 ਤੋਂ ਵੱਧ ਆੜ੍ਹਤੀਆਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਇਨਕਮ ਟੈਕਸ ਦੀ ਇਸ ਕਾਰਵਾਈ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਿਆ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰ ਰਹੇ ਆੜ੍ਹਤੀਆਂ ਨੂੰ ਡਰਾਉਣ-ਧਮਕਾਉਣ ਦੀ ਕੇਂਦਰ ਦੀ ਚਾਲ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਘਿਨਾਉਣੇ ਢੰਗ ਨਾਲ ਕੇਂਦਰ ਵਿਰੁੱਧ ਲੋਕਾਂ ਦੇ ਗੁੱਸੇ ਵਿਚ ਹੋਰ ਵੀ ਵਾਧਾ ਹੋਵੇਗਾ।

ਸੀਐਮ ਕੈਪਟਨ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਕੁੱਝ ਆੜ੍ਹਤੀਆਂ ਵਿਰੁੱਧ ਇਨਕਮ ਟੈਕਸ ਦੇ ਛਾਪੇ ਗਿਣਮਿੱਥੇ ਤਰੀਕੇ ਨਾਲ ਮਾਰੇ ਜਾ ਰਹੇ ਹਨ ਤਾਂਕਿ ਆੜ੍ਹਤੀਆਂ ਨੂੰ ਆਪਣੇ ਲੋਕਤੰਤਰਿਕ ਅਧਿਕਾਰਾਂ ਅਤੇ ਆਜ਼ਾਦੀ ਤੋਂ ਰੋਕਣ ਲਈ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਜਿਹੀ ਦਮਨਕਾਰੀ ਨੀਤੀਆਂ ਸੱਤਾਧਾਰੀ ਪਾਰਟੀ ਭਾਜਪਾ ਨੂੰ ਉੱਲਟੀ ਪੈਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ”ਕਾਲੇ ਕਾਨੂੰਨਾਂ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਨਾਉਣ, ਗੁੰਮਰਾਹ ਕਰਨ ਅਤੇ ਵੰਡਣ ਵਿਚ ਅਸਫਲ ਰਹਿਣ ਮਗਰੋਂ ਕੇਂਦਰ ਸਰਕਾਰ ਨੇ ਹੁਣ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। ਜੋ ਪਹਿਲੇ ਦਿਨ ਤੋਂ ਹੀ ਪੂਰੀ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰ ਰਹੇ ਹਨ”।
ਕੈਪਟਨ ਨੇ ਕਿਹਾ ਕਿ ਪੰਜਾਬ ਦੇ ਕਈਂ ਵੱਡੇ ਆੜ੍ਹਤੀਆਂ ਦੇ ਟਿਕਾਣਿਆਂ ਉੱਤੇ ਨੋਟਿਸ ਜਾਰੀ ਕਰਨ ਦੇ ਸਿਰਫ ਚਾਰ ਦਿਨਾਂ ਵਿਚ ਹੀ ਇਹ ਕਾਰਵਾਈ ਹੋਈ, ਜਦਕਿ ਨੋਟਿਸ ਦੇ ਜਵਾਬ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ। ਕੈਪਟਨ ਮੁਤਾਬਕ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਤੈਅ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ਸਥਾਨਕ ਪੁਲਿਸ ਨੂੰ ਵੀ ਸੂਚਨਾ ਜਾਂ ਭਰੋਸੇ ਵਿਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਆਈਟੀ ਟੀਮਾਂ ਦੀ ਛਾਪੇਮਾਰੀ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਲਈ ਸੀਆਰਪੀਐਫ ਦੀ ਸਹਾਇਤਾ ਲਈ ਗਈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਦਾ ਮਾਮਲਾ ਨਹੀਂ ਹੈ ਤਾਂ ਫਿਰ ਕੀ ਹੈ ?