ਨਵੀਂ ਦਿੱਲੀ : ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਮਿਲਣ ਖੌਫ ਦਾ ਮਾਹੌਲ ਹੈ। ਉੱਥੇ ਹੀ ਬੀਤੇ ਦਿਨ ਭਾਰਤ ਨੇ ਰਾਤ 12 ਵਜੇ ਤੋਂ ਬਾਅਦ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਉੱਤੇ 31 ਦਸੰਬਰ ਤੱਕ ਰੋਕ ਲਗਾ ਦਿੱਤੀ ਸੀ ਪਰ ਰਾਤ 12 ਵਜੇ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ ਉੱਤੇ ਲੰਡਨ ਤੋਂ ਪਹੁੰਚੀ ਇਕ ਫਲਾਈਟ ਵਿਚ ਪੰਜ ਯਾਤਰੀ ਅਤੇ ਕ੍ਰੂ ਮੈਂਬਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਦੇ ਨਮੂਨਿਆਂ ਨੂੰ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ।
ਖਬਰ ਏਜੰਸੀ ਏਐਨਆਈ ਦੇ ਟਵੀਟ ਮੁਤਾਬਕ ”ਕੋਵਿਡ-19 ਲਈ ਨਿਯੁਕਤ ਕੀਤੇ ਗਏ ਨੋਡਲ ਅਧਿਕਾਰੀ ਨੇ ਦੱਸਿਆ ਹੈ ਕਿ ਸੋਮਵਾਰ ਰਾਤ ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ 266 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਵਿਚ ਪੰਜ ਲੋਕ ਕੋਰੋਨਾ ਸੰਕਰਮਿਤ ਮਿਲੇ ਹਨ। ਉਨ੍ਹਾਂ ਦੇ ਨਮੂਨੇ ਜਾਂਚ ਲਈ ਐਨਸੀਡੀਸੀ ਨੂੰ ਭੇਜ ਦਿੱਤੇ ਗਏ ਹਨ ਅਤੇ ਸੰਕਰਮਿਤਾਂ ਨੂੰ ਦੇਖਭਾਲ ਲਈ ਕੇਅਰ ਸੈਂਟਰ ਭੇਜ ਦਿੱਤਾ ਗਿਆ ਹੈ”।
ਦੱਸ ਦਈਏ ਕਿ ਬੀਤੇ ਦਿਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ”ਬ੍ਰਿਟੇਨ ਵਿਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬ੍ਰਿਟੇਨ ਤੋਂ ਭਾਰਤ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਰੂਪ ਨਾਲ 31 ਦਸੰਬਰ 11:59 ਵਜੇ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ। ਇਹ ਪਾਬੰਦੀ 22 ਦਸੰਬਰ,11:59 ਵਜੇ ਤੋਂ ਪ੍ਰਭਾਵੀ ਹੋ ਜਾਵੇਗੀ”। ਮੰਤਰਾਲੇ ਮੁਤਾਬਕ ”ਸਾਵਧਾਨੀ ਦੇ ਤੌਰ ਉੱਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਵਿਚ ਸਵਾਰ ਯਾਤਰੀਆਂ(ਜਿਹੜੇ ਜਹਾਜ਼ਾਂ ਨੇ ਉਡਾਣ ਭਰ ਲਈ ਹੈ ਜਾਂ ਉਡਾਣਾਂ ਭਾਰਤ ਵਿਚ 22 ਦਸੰਬਰ ਨੂੰ ਰਾਤ 11:59 ਵਜੇ ਤੋਂ ਪਹਿਲਾਂ ਪਹੁੰਚ ਰਹੀਆਂ ਹਨ) ਦਾ ਹਵਾਈ ਅੱਡਿਆਂ ਉੱਤੇ ਆਉਣ ‘ਤੇ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ”।
ਜ਼ਿਕਰਯੋਗ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਖਲਬਲੀ ਮਚੀ ਹੋਈ ਹੈ। ਲੰਡਨ ਸਮੇਤ ਦੇਸ਼ ਦੇ ਕਈਂ ਹਿੱਸਿਆਂ ਵਿਚ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਹ ਨਵੀਂ ਕਿਸਮ ਦਾ ਕੋਰੋਨਾ ਵਾਇਰਸ ਪਹਿਲਾਂ ਨਾਲੋਂ 70 ਫੀਸਦੀ ਜ਼ਿਆਦਾ ਖਤਰਨਾਕ ਹੈ।