ਸ਼ਿਮਲਾ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਅੜੇ ਹੋਏ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਕਾਰੋਪੇਰਟ ਘਰਾਣੇ ਉਨ੍ਹਾਂ ਦੀਆਂ ਜ਼ਮੀਨਾਂ ਕਬਜ਼ਾ ਲੈਣਗੇ ਪਰ ਉੱਥੇ ਹੀ ਦੂਜੇ ਪਾਸੇ ਅੱਜ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਕੋਈ ਵੀ ਮਾਂ ਦਾ ਲਾਲ ਕਿਸਾਨਾਂ ਤੋਂ ਜ਼ਮੀਨ ਨਹੀਂ ਖੋਹ ਸਕਦਾ ਹੈ। ਇਹ ਮੁਕੰਮਲ ਵਿਵਸਥਾ ਖੇਤੀ ਕਾਨੂੰਨਾਂ ਵਿਚ ਕੀਤੀ ਗਈ ਹੈ।
ਦਰਅਸਲ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਹਿਮਾਲਚ ਦੀ ਭਾਜਪਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉੱਤੇ ਆਯੋਜਿਤ ਪ੍ਰੋਗਰਾਮ ਵਿਚ ਆਪਣਾ ਸੰਬੋਧਨ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਖੇਤੀ ਕਾਨੂੰਨਾਂ ਬਾਰੇ ਬੋਲਦਿਆਂ ਕਿਹਾ ਕਿ ”ਜਦੋਂ ਵੀ ਦੇਸ਼ ਵਿਚ ਵਿਆਪਕ ਸੁਧਾਰ ਹੋਏ ਹਨ, ਉਨ੍ਹਾਂ ਦਾ ਅਸਰ ਦਿਖਣ ਵਿਚ ਸਮਾਂ ਲੱਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਵਿਚ ਸੁਧਾਰ ਦੀ ਸ਼ੁਰੂਆਤ ਕੀਤੀ ਹੈ, ਮੈਂ ਕਿਸਾਨ ਭਰਾਵਾਂ ਤੋਂ ਅਪੀਲ ਕਰਦਾ ਹਾਂ ਕਿ ਘੱਟ ਤੋਂ ਘੱਟ ਡੇਢ ਤੋਂ ਦੋ ਸਾਲ ਇਨ੍ਹਾਂ ਖੇਤੀ ਸੁਧਾਰਾਂ ਦਾ ਅਸਰ ਵੇਖ ਲਓ”। ਉਨ੍ਹਾਂ ਅੱਗੇ ਕਿਹਾ ਕਿ ”ਇਤਿਹਾਸਕ ਖੇਤੀ ਸੁਧਾਰਾਂ ਤੋਂ ਉਨ੍ਹਾਂ ਲੋਕਾਂ ਦੇ ਪੈਰਾਂ ਹੇਠਿਓ ਜ਼ਮੀਨ ਖਿਸਕ ਗਈ ਹੈ ਜਿਹੜੇ ਲੋਕ ਕਿਸਾਨਾਂ ਦੇ ਨਾਮ ਉੱਤੇ ਆਪਣਾ ਸਵਾਰਥੀ ਹਿੱਤਾਂ ਨੂੰ ਸਾਧਦੇ ਹਨ। ਉਨ੍ਹਾਂ ਦਾ ਧੰਦਾ ਖਤਮ ਹੋ ਜਾਵੇਗਾ, ਇਸ ਲਈ ਜਾਨ ਬੁੱਝ ਕੇ ਦੇਸ਼ ਦੇ ਕੁੱਝ ਹਿੱਸਿਆਂ ਵਿਚ ਗਲਤਫਹਿਮੀ ਪੈਦਾ ਕੀਤੀ ਜਾ ਰਹੀ ਹੈ ਕਿ ਸਾਡੀ ਸਰਕਾਰ ਐਮਐਸਪੀ ਦੀ ਵਿਵਸਥਾ ਖਤਮ ਕਰਨਾ ਚਾਹੁੰਦੀ ਹੈ”। ਰਾਜਨਾਥ ਸਿੰਘ ਨੇ ਜੋਰ ਦਿੰਦਿਆ ਕਿਹਾ ਕਿ ”ਘੱਟੋ-ਘੱਟ ਸਮੱਰਥਨ ਮੁੱਲ ਖਤਮ ਕਰਨ ਦਾ ਇਰਾਦਾ ਇਸ ਸਰਕਾਰ ਦਾ ਨਾ ਤਾਂ ਕਦੇ ਸੀ, ਨਾ ਹੈ ਅਤੇ ਨਾ ਰਹੇਗਾ। ਮੰਡੀ ਵਿਵਸਥਾ ਕਾਇਮ ਰਹੇਗੀ। ਕੋਈ ਵੀ ਮਾਂ ਦਾ ਲਾਲ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਨਹੀਂ ਖੋਹ ਸਕਦਾ”।