ਚੰਡੀਗੜ੍ਹ : ਜੇਕਰ ਤੁਸੀ ਨਵੇਂ ਸਾਲ ਤੋਂ ਬਾਹਰ ਕਿਧਰੇ ਘੁੰਮਣ ਜਾਣ ਦੀ ਪਲੈਨਿੰਗ ਕਰ ਰਹੇ ਹੋ ਅਤੇ ਤੁਹਾਡੀ ਗੱਡੀ ਉੱਤੇ ਫਾਸਟੈਗ ਨਹੀਂ ਲੱਗਿਆ ਹੋਇਆ ਤਾਂ ਇਸ ਨੂੰ 31 ਦਸੰਬਰ ਤੋਂ ਪਹਿਲਾਂ ਜ਼ਰੂਰ ਲਗਵਾ ਲਓ। ਨਵੇਂ ਸਾਲ ਤੋਂ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇਕ ਜਨਵਰੀ ਤੋਂ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਹੋਵੇਗਾ। ਭਾਵ ਹੁਣ ਸਰਕਾਰ ਦੀ 1 ਜਨਵਰੀ ਤੋਂ 100 ਫੀਸਦੀ ਟੋਲ ਫਾਸਟੈਗ ਰਾਹੀਂ ਹੀ ਕੁਲੈਕਟ ਕਰਨ ਦੀ ਤਿਆਰੀ ਹੈ।

ਨਿਤੀਨ ਗਡਕਰੀ ਨੇ ਪਿਛਲੇ ਦਿਨਾਂ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਜਿਹੜੇ ਵਾਹਨਾਂ ਨੂੰ ਫਾਸਟੈਗ ਤੋਂ ਬਿਨਾਂ ਟੋਲ ਟੈਕਸ ਦੇਣ ਦੀ ਛੂਟ ਦਿੱਤੀ ਜਾ ਰਹੀ ਸੀ ਉਸ ਨੂੰ 31 ਦਸੰਬਰ ਤੋਂ ਖਤਮ ਕਰ ਦਿੱਤਾ ਗਿਆ ਹੈ ਅਤੇ ਇਕ ਜਨਵਰੀ 2021 ਤੋਂ ਸਾਰੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਹੈ। ਫਿਲਹਾਲ ਨੈਸ਼ਨਲ ਹਾਈਵੇ ਉੱਤੇ ਜਿੰਨੇ ਵੀ ਟੋਲ ਟੈਕਸ ਆਉਂਦੇ ਹਨ, ਉਨ੍ਹਾਂ ਵਿਚ 80 ਫੀਸਦੀ ਟੋਲ ਫਾਸਟੈਗ ਰਾਹੀਂ ਹੀ ਇੱਕਠਾ ਹੁੰਦਾ ਹੈ। ਇੱਕ ਜਨਵਰੀ ਮਗਰੋਂ 100 ਫੀਸਦੀ ਫਾਸਟੈਗ ਦੀ ਮਦਦ ਨਾਲ ਟੋਲ ਟੈਕਸ ਵਸੂਲਣ ਦੀ ਯੋਜਨਾ ਹੈ। ਗਡਕਰੀ ਨੇ ਕਿਹਾ ਹੈ ਕਿ ਇਸ ਸਹੂਲਤ ਨਾਲ ਯਾਤਰੀਆਂ ਨੂੰ ਟੋਲ ਪਲਾਜ਼ੇ ਉੱਤੇ ਰੁਕਣ ਦੀ ਲੋੜ ਨਹੀਂ ਹੋਵੇਗੀ। ਦੱਸ ਦਈਏ ਕਿ ਫਾਸਟੈਗ ਵਾਹਨਾਂ ਦੀ ਵਿੰਡਸਕਰੀਨ ਉੱਤੇ ਲਗਾਇਆ ਜਾਂਦਾ ਇਕ ਸਟੀਕਰ ਹੁੰਦਾ ਹੈ। ਟੋਲ ਕਰਾਸਿੰਗ ਦੌਰਾਨ ਡਿਵਾਇਸ ਰੇਡਿਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਟੈਕਨਾਲੌਜੀ ਦੀ ਸਹਾਇਤਾ ਨਾਲ ਟੋਲ ਪਲਾਜ਼ਾ ਉੱਤੇ ਸਕੈਨਰ ਨਾਲ ਜੁੜਿਆ ਹੁੰਦਾ ਹੈ ਅਤੇ ਫਿਰ ਫਾਸਟੈਗ ਨਾਲ ਜੁੜੇ ਅਕਾਊਂਟ ਤੋਂ ਪੈਸੇ ਕੱਟ ਜਾਂਦੇ ਹਨ ਜਿਸ ਕਰਕੇ ਟੋਲ ਪਲਾਜ਼ੇ ਉੱਤੇ ਰੁਕਣ ਦੀ ਲੋੜ ਨਹੀਂ ਹੁੰਦੀ ਹੈ। NHAI ਟੋਲ ਉੱਤੇ ਅਤੇ ਕਈਂ ਬੈਂਕਾਂ ਤੋਂ ਤੁਸੀ ਫਾਸਟੈਗ ਨੂੰ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਹ ਪੇਟੀਐਮ, ਐਮਾਜ਼ੋਨ ਅਤੇ ਫਲਿਪਕਾਰਟ ਵਰਗੇ ਈ-ਕਾਮਰਸ ਪਲੈਟਫਾਰਮਜ਼ ਉੱਤੇ ਵੀ ਉੱਪਲਬਧ ਹੈ।