‘पूछता है भारत’ ਵਾਲੇ ਅਰਨਬ ਗੋਸਵਾਮੀ ਉੱਤੇ ਟੁੱਟਿਆ ਮੁਸੀਬਤਾਂ ਦਾ ਪਹਾੜ,ਮੈਂਬਰਸ਼ਿੱਪ ਸਸਪੈਂਡ ਕਰਨ ਦੀ ਉੱਠੀ ਮੰਗ, ਕੋਰਟ ਨੇ ਵੀ ਕੀਤੀ ਸਖ਼ਤ ਟਿੱਪਣੀ

ਮੁੰਬਈ : ਰਿਪਬਲਿਕ ਮੀਡੀਆ ਨੈੱਟਵਰਕ ਦੇ ਐਡੀਟਰ-ਇਨ -ਚੀਫ ਅਰਨਬ ਗੋਸਵਾਮੀ BARC ਦੇ ਸਾਬਕਾ ਸੀਈਓ ਨਾਲ ਲੀਕ ਹੋਈ ਆਪਣੀ ਕਥਿਤ ਵਟਸਐਪ ਚੈਟ ਕਰਕੇ ਕਈਂ ਤਰ੍ਹਾਂ ਦੀਆਂ ਮੁਸ਼ਕਿਲਾਂ ਵਿਚ ਘਿਰੇ ਹੋਏ ਹਨ। ਨਿਊਜ਼ ਬ੍ਰਾਡਕਾਸਟਰਸ ਐਸੋਸੀਏਸ਼ਿਨ(NBA) ਦੁਆਰਾ ਰਿਪਬਲਿਕ ਟੀਵੀ ਨੂੰ ਤਤਕਾਲ ਪ੍ਰਭਾਵ ਨਾਲ ਇੰਡੀਅਨ ਬ੍ਰਾਡਕਾਸਟਿੰਗ ਫਾਊਂਡੇਸ਼ਨ(IBF) ਦੀ ਮੈਂਬਰਸ਼ਿੱਪ ਤੋਂ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਹੁਣ ਬੋਮਬੇ ਹਾਈਕੋਰਟ ਨੇ ਵੀ ਅਰਨਬ ਗੋਸਵਾਮੀ ਦੀ ਸੁਸ਼ਾਤ ਰਾਜਪੂਤ ਖੁਦਕੁਸ਼ੀ ਕੇਸ ਦੌਰਾਨ ਕੀਤੀ ਰਿਪੋਰਟਿੰਗ ਉੱਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਰਿਪਬਲਿਕ ਟੀਵੀ ਅਤੇ ਇਕ ਹੋਰ ਚੈਨਲ ਟਾਈਮਜ਼ ਨਾਓ ਦੋਵੋਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਖੁਦ ਹੀ ਜਾਂਚ ਕਰਨ ਲੱਗੇ, ਖੁਦ ਹੀ ਵਕੀਲ ਬਣ ਗਏ ਅਤੇ ਖੁਦ ਹੀ ਜੱਜ ਬਣ ਕੇ ਫੈਸਲਾ ਸੁਣਾਉਣ ਲੱਗੇ।

ਜਨਸੱਤਾ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਧਿਕਾਰੀ, ਐਨਜੀਓ ਅਤੇ ਵਕੀਲਾਂ ਵੱਲੋਂ ਦਾਖਲ ਕੀਤੀ ਗਈ ਪੀਆਈਐਲ ਉੱਤੇ ਸੁਣਵਾਈ ਦੌਰਾਨ ਦੋ ਜੱਜਾਂ ਦੀ ਬੈਂਚ ਨੇ ਇਹ ਟਿੱਪਣੀ ਕੀਤੀ ਹੈ। ਪੀਆਈਐਲ ਵਿਚ ਮੰਗ ਕੀਤੀ ਗਈ ਸੀ ਕਿ ਅਜਿਹੇ ਮੀਡੀਆ ਟ੍ਰਾਇਲ ਉੱਤੇ ਰੋਕ ਲਗਾਈ ਜਾਵੇ। 251 ਪੇਜ ਦੇ ਫੈਸਲ ਵਿਚ ਕੋਰਟ ਨੇ ਕਿਹਾ ਹੈ ਕਿ ”ਇਕ ਦੂਜੇ ਤੋਂ ਜ਼ਿਆਦਾ ਸਮਾਰਟ ਬਣਨ ਲਈ ਇਨ੍ਹਾਂ ਦੋ ਚੈਨਲਾਂ ਨੇ ਸੱਚਾਈ ਅਤੇ ਇਨਸਾਫ ਦੀ ਦਿਖਾਵਟੀ ਲੜਾਈ ਸ਼ੁਰੂ ਕੀਤੀ। ਉਨ੍ਹਾਂ ਦੀ ਧਾਰਨਾ ਸੀ ਕਿ ਮੁੰਬਈ ਪੁਲਿਸ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਨਹੀਂ ਕਰਦੀ। ਉਨ੍ਹਾਂ ਨੇ ਸੀਆਰਪੀਸੀ ਦੇ ਆਦੇਸ਼ਾਂ ਅਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਨੂੰ ਵੀ ਹਵਾ ਵਿਚ ਉੱਡਾ ਦਿੱਤਾ”।

ਕੋਰਟ ਨੇ ਅੱਗੇ ਕਿਹਾ ਕਿ ”ਇਨ੍ਹਾਂ ਦੋ ਟੀਵੀ ਚੈਨਲਾਂ ਨੇ ਖੁਦ ਹੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਖੁਦ ਵਕੀਲ ਬਣ ਗਏ ਅਤੇ ਫਿਰ ਜੱਜ ਬਣ ਕੇ ਖੁਦ ਹੀ ਫੈਸਲਾ ਸੁਣਾ ਦਿੱਤਾ। ਮਹਾਂਮਾਰੀ ਦੌਰਾਨ ਕੇਵਲ ਉਹ ਹੀ ਜਾਗ ਰਹੇ ਸਨ ਅਤੇ ਬਾਕੀ ਸੋ ਰਹੇ ਸਨ”। ਕੋਰਟ ਨੇ ਕਿਹਾ ਕਿ ਨਿਊਜ਼ ਰਿਪੋਰਟ ਵਿਚ ਮੁੰਬਈ ਪੁਲਿਸ ਅਤੇ ਰਿਆ ਚੱਕਰਵਰਤੀ ਨੂੰ ਲੈਕੇ ਇਸ ਤਰ੍ਹਾਂ ਦੀ ਗੱਲਾਂ ਕਹੀ ਜਾ ਰਹੀਆਂ ਸਨ ਜਿਸ ਨਾਲ ਲੋਕਾਂ ਵਿਚ ਕਾਨੂੰਨ ਵਿਵਸਥਾ ਅਤੇ ਪੁਲਿਸ ਪ੍ਰਤੀ ਵਿਸ਼ਵਾਸ ਘੱਟ ਹੁੰਦਾ ਹੈ। ਬੈਂਚ ਨੇ ਉਮੀਦ ਜਤਾਈ ਕਿ ਭਵਿੱਖ ਵਿਚ ਚੈਨਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਕਾਨੂੰਨੀ ਮਾਮਲਿਆਂ ਵਿਚ ਇਸ ਤਰ੍ਹਾਂ ਦੀ ਰਿਪੋਰਟਿੰਗ ਨਹੀਂ ਕਰਨਗੇ।

ਦੱਸ ਦਈਏ ਕਿ ਪੁਛਤਾ ਹੈ ਭਾਰਤ ਸ਼ੋਅ ਨੂੰ ਹੋਸਟ ਕਰਨ ਵਾਲੇ ਅਰਨਬ ਗੋਸਵਾਮੀ ਅਤੇ ਬਾਰਕ ਦੇ ਸਾਬਕਾ ਸੀਈਓ ਪਾਰਥੋ ਦਾਸਗੁਪਤਾ ਦੀ ਕਥਿਤ ਵਟਸਐਪ ਚੈਟ ਲੀਕ ਹੋਣ ਤੋਂ ਬਾਅਦ ਇੱਕ ਵੱਡਾ ਵਿਵਾਦ ਛਿੜ ਗਿਆ ਹੈ। ਦਰਅਸਲ ਗੋਸਵਾਮੀ ਦੀ ਇਸ ਚੈਟ ਵਿਚ ਪੁਲਵਾਮਾ ਹਮਲੇ ਅਤੇ ਫਿਰ ਬਾਲਾਕੋਟ ਸਟ੍ਰਾਇਕਸ ਦਾ ਜ਼ਿਕਰ ਕੀਤਾ ਗਿਆ ਹੈ। ਚੈਟ ਦੇ ਸਕਰੀਨਸ਼ੋਟ ਵਾਈਰਲ ਹੋਣ ਮਗਰੋਂ ਸਵਾਲ ਉਠਾਏ ਜਾ ਰਹੇ ਹਨ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਉੱਤੇ ਭਾਰਤ ਦੀ ਸਰਜੀਕਲ ਸਟ੍ਰਾਇਕ ਦੀ ਜਾਣਕਾਰੀ ਅਰਨਬ ਗੋਸਵਾਮੀ ਨੂੰ ਪਹਿਲਾਂ ਤੋਂ ਹੀ ਸੀ ? ਉੱਥੇ ਹੀ ਇਸ ਚੈੱਟ ਉੱਤੇ ਜਿੱਥੇ ਇਕ ਪਾਸੇ ਵਿਰੋਧੀ ਧੀਰਾਂ ਕੇਂਦਰ ਸਰਕਾਰ ਨੂੰ ਇਹ ਕਹਿ ਕੇ ਘੇਰ ਰਹੀਆਂ ਹਨ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਇੰਨੀ ਵੱਡੀ ਤੇ ਗੁਪਤ ਜਾਣਕਾਰੀ ਅਰਨਬ ਗੋਸਵਾਮੀ ਨੂੰ ਕਿਵੇਂ ਪਤਾ ਲੱਗੀ, ਉੱਥੇ ਹੀ ਇਸ ਚੈਟ ਉੱਤੇ ਐਨਬੀਏ ਨੇ ਕਿਹਾ ਹੈ ਕਿ ਇਹ ਸਾਫ ਹੈ ਕਿ ਲਗਾਤਾਰ ਕਈਂ ਮਹੀਨਿਆਂ ਤੱਕ ਫਰਜੀ ਤਰੀਕੇ ਨਾਲ ਰਿਪਬਲਿਕ ਟੀਵੀ ਦੀ ਵੱਧ ਵਿਊਰਸ਼ਿੱਪ ਦਿਖਾਉਣ ਲਈ ਦੋਵਾਂ(ਅਰਨਬ-ਪਾਰਥੋ ਦਾਸਗੁਪਤਾ) ਵਿਚਾਲੇ ਮੇਲਜੋਲ ਸੀ। ਐਨਬੀਏ ਨੇ ਕਿਹਾ ਕਿ ਇਨ੍ਹਾਂ ਵਟਸਐਪ ਸੰਦੇਸ਼ਾਂ ਤੋਂ ਪਤਾ ਚੱਲਦਾ ਹੈ ਕਿ ਰਿਪਬਲਿਕ ਟੀਵੀ ਲਈ ਲਗਾਤਾਰ ਕਈਂ ਮਹੀਨੇ ਫਰਜ਼ੀ ਤਰੀਕੇ ਨਾਲ ਰੇਟਿੰਗ ਵਿਚ ਹੇਰਫੇਰ ਕਰ ਜ਼ਿਆਦਾ ਦਰਸ਼ਕ ਸੰਖਿਆ ਵਿਖਾਈ ਗਈ ਅਤੇ ਦੂਜੇ ਚੈਨਲਾਂ ਦੀ ਰੇਟਿੰਗ ਘਟਾਈ ਗਈ ਹੈ।

ਐਨਬੀਏ ਨੇ ਮੰਗ ਕੀਤੀ ਹੈ ਕਿ ਰਿਪਬਲਿਕ ਟੀਵੀ ਨੂੰ ਤਤਕਾਲ ਪ੍ਰਭਾਵ ਨਾਲ ਆਈਬੀਐਫ ਦੀ ਮੈਂਬਰਸ਼ਿੱਪ ਤੋਂ ਸਸਪੈੱਡ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇ ਜਦੋਂ ਤੱਕ ਰੇਟਿੰਗ ਵਿਚ ਹੇਰਫੇਰ ਦਾ ਮਾਮਲਾ ਕੋਰਟ ਵਿਚ ਲੰਬਿਤ ਹੈ। ਦੱਸ ਦਈਏ ਕਿ ਰਿਪਬਲਿਕ ਟੀਵੀ ਸਮੇਤ ਦੋ ਹੋਰ ਚੈਨਲਾਂ ਵਿਰੁੱਧ ਮੁੰਬਈ ਪੁਲਿਸ ਨੇ ਟੀਆਰਪੀ ਵਿਚ ਹੇਰਫੇਰ ਕਰਨ ਦਾ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ।

news

Leave a Reply

Your email address will not be published. Required fields are marked *