ਮੁੰਬਈ : ਪਿਛਲੇ ਦਿਨਾਂ ਵਿਚ ਕਿਸਾਨੀਂ ਅੰਦੋਲਨ ਦੀ ਹਮਾਇਤ ‘ਚ ਕਈਂ ਗਲੋਬਲ ਹਸਤੀਆਂ ਨੇ ਆਵਾਜ਼ ਬੁਲੰਦ ਕੀਤੀ ਸੀ ਇਸ ਉੱਤੇ ਭਾਰਤ ਸਰਕਾਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ ਜਿਸ ਦਾ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀ ਕਈਂ ਹਸਤੀਆਂ ਨੇ ਟਵੀਟ ਕਰ ਸਮਰਥਨ ਕੀਤਾ ਸੀ। ਭਾਰਤ ਦੀਆਂ ਇਨ੍ਹਾਂ ਸਖਸ਼ੀਅਤਾਂ ਦੁਆਰਾ ਕੀਤੇ ਟਵੀਟਸ ਦੀ ਹੁਣ ਮਹਾਰਾਸ਼ਟਰ ਜਾਂਚ ਕਰਵਾ ਸਕਦੀ ਹੈ। ਅਜਿਹੇ ਸੰਕੇਤ ਸੋਮਵਾਰ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਦਿੱਤੇ ਹਨ।
ਹਾਲਾਂਕਿ ਅਨਿਲ ਦੇਸ਼ਮੁੱਖ ਨੇ ਇਸ ਦੀ ਜਾਂਚ ਨੂੰ ਲੈਕੇ ਅਜੇ ਕੋਈ ਆਦੇਸ਼ ਨਹੀਂ ਦਿੱਤੇ ਹਨ ਬਲਕਿ ਕੇਵਲ ਭਰੋਸਾ ਦਿੱਤਾ ਹੈ। ਕਿਸਾਨ ਅੰਦੋਲਨ ਨੂੰ ਲੈਕੇ ਕੀਤੇ ਗਏ ਟਵੀਟਸ ਦੇ ਮਾਮਲੇ ਵਿਚ ਕਾਂਗਰਸ ਲੀਡਰ ਸਚਿਨ ਸਾਵੰਤ ਨੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆ ਕਿਹਾ ਕਿ ”ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਇਹ ਗੰਭੀਰ ਮਾਮਲਾ ਹੈ। ਇਨ੍ਹਾਂ ਸੈਲੀਬ੍ਰਿਟੀਜ਼ ਦੇ ਟਵੀਟਸ ਸੇਮ ਕਿਵੇਂ ਹੋ ਸਕਦੇ ਹਨ। ਇਨ੍ਹਾਂ ਹਸਤੀਆਂ ਉੱਤੇ ਟਵੀਟ ਕਰਨ ਲਈ ਕੋਈ ਦਬਾਅ ਤਾਂ ਨਹੀਂ ਪਾਇਆ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ”। ਸਾਂਵਤ ਨੇ ਨਾਲ ਹੀ ਦੱਸਿਆ ਕਿ ਇੰਟੈਲੀਜੈਂਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।
ਦੱਸ ਦਈਏ ਕਿ ਮਹਾਰਾਸ਼ਟਰ ਕਾਂਗਰਸ ਦੇ ਲੀਡਰਾਂ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਅਤੇ ਇਸੇ ਸਬੰਧ ਵਿਚ ਸਚਿਨ ਸਾਵੰਤ ਨੇ ਅਨਿਲ ਦੇਸ਼ਮੁੱਖ ਨਾਲ ਮੁਲਾਕਾਤ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਸਾਵੰਤ ਦਾ ਕਹਿਣਾ ਸੀ ਕਿ ”ਸਚਿਨ ਤੇਂਦੁਲਕਰ, ਅਕਸ਼ੈ ਕੁਮਾਰ,ਸੁਨੀਲ ਸੇਠੀ ਅਤੇ ਸਾਈਨਾ ਨੇਹਵਾਲ ਵਰਗੀ ਹਸਤੀਆਂ ਵੱਲੋਂ ਇਸ ਮਾਮਲੇ ਵਿਚ ਕੀਤੇ ਗਏ ਟਵੀਟ ਦਾ ਪੈਟਰਨ ਬਿਲਕੁੱਲ ਇਕ ਵਰਗਾ ਹੈ। ਸਾਈਨਾ ਨੇਹਵਾਲ ਅਤੇ ਅਕਸ਼ੈ ਕੁਮਾਰ ਦੇ ਟਵੀਟ ਦਾ ਕੰਟੈਂਟ ਇਕ ਹੈ ਜਦਕਿ ਸੁਨੀਲ ਸੇਠੀ ਨੇ ਟਵੀਟ ਵਿਚ ਭਾਜਪਾ ਲੀਡਰ ਨੂੰ ਟੈਗ ਕੀਤਾ ਹੈ। ਇਹ ਦਰਸਾਉਂਦਾ ਹੈ ਕਿ ਸੈਲੀਬ੍ਰਿਟੀਜ਼ ਅਤੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਵਿਚਾਲੇ ਸੰਪਰਕ ਸੀ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਭਾਜਪਾ ਵੱਲੋਂ ਦੇਸ਼ ਦੇ ਇਨ੍ਹਾਂ ਹੀਰੋਜ਼ ਉੱਤੇ ਕੋਈ ਦਬਾਅ ਸੀ। ਜੇਕਰ ਅਜਿਹਾ ਹੈ ਤਾਂ ਇਨ੍ਹਾਂ ਹਸਤੀਆਂ ਨੂੰ ਜ਼ਿਆਦਾ ਸੁਰੱਖਿਆ ਦੇਣ ਦੀ ਲੋੜ ਹੈ”।