ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਅੱਜ ਸੋਮਵਾਰ ਨੂੰ ਚੌਥਾ ਦਿਨ ਖਤਮ ਹੋ ਗਿਆ ਹੈ। ਭਾਰਤ ਨੂੰ ਇੰਗਲੈਂਡ ਨੇ 420 ਦੋੜਾਂ ਦਾ ਟਾਰਗੇਟ ਦਿੱਤਾ ਹੈ ਜਿਸ ਦੇ ਜਵਾਬ ਵਿਚ ਭਾਰਤੀ ਟੀਮ ਨੇ ਦਿਨ ਦੀ ਸਮਾਪਤੀ ਤੱਕ 39/1 ਦਾ ਸਕੋਰ ਬਣਾ ਲਿਆ ਹੈ। ਭਾਰਤ ਨੂੰ ਜਿੱਤ ਲਈ ਅਜੇ ਵੀ 381 ਦੋੜਾਂ ਬਣਾਉਣੀਆਂ ਹਨ। ਰੋਹਿਤ ਸ਼ਰਮਾ 12 ਦੋੜਾਂ ਬਣਾ ਕੇ ਆਊਟ ਹੋ ਗਏ ਹਨ। ਚਿਤੇਸ਼ਵਰ ਪੁਜਾਰਾ 12 ਅਤੇ ਸ਼ੁਭਮਨ ਗਿੱਲ 15 ਦੇ ਸਕੋਰ ਉੱਤੇ ਨਾਬਾਦ ਹਨ।
ਦਰਅਸਲ ਅੱਜ ਚੌਥੇ ਦਿਨ ਭਾਰਤੀ ਟੀਮ 257/6 ਦੇ ਸਕੋਰ ਉੱਤੇ ਅੱਗੇ ਖੇਡਣ ਉੱਤਰੀ ਸੀ ਪਰ ਵਾਸ਼ਿੰਗਟਨ ਸੁੰਦਰ ਦੀਆਂ 85 ਅਤੇ ਰਵਿਚੰਦਰਨ ਅਸ਼ਵਿਨ ਦੀਆਂ 31 ਦੋੜਾਂ ਤੋਂ ਇਲਾਵਾ ਕੋਈ ਵੀ ਖਿਡਾਰੀ ਖਾਸ ਨਹੀਂ ਕਰ ਪਾਇਆ ਅਤੇ ਪੂਰੀ ਟੀਮ 377 ਉੱਤੇ ਆਲਆਊਟ ਹੋ ਗਈ ਜਿਸ ਕਰਕੇ ਇੰਗਲੈਂਡ ਨੂੰ ਪਹਿਲੀ ਪਾਰੀ ਦੇ ਆਧਾਰ(578) ਉੱਤੇ 241 ਦੋੜਾਂ ਦੀ ਲੀਡ ਮਿਲ ਗਈ। ਦੂਜੀ ਪਾਰੀ ਲਈ ਖੇਡਣ ਉੱਤਰੀ ਇੰਗਲੈਂਡ ਦੀ ਟੀਮ ਅੱਜ ਭਾਰਤੀ ਗੇਂਦਬਾਜ਼ੀ ਅੱਗੇ ਬੇਬੱਸ ਨਜ਼ਰ ਆਈ ਅਤੇ ਪੂਰੀ ਮਹਿਮਾਨ ਟੀਮ 178 ਦੇ ਸਕੋਰ ਉੱਤੇ ਆਲਆਊਟ ਹੋ ਗਈ। ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 6 ਵਿਕੇਟਾਂ ਲਈਆਂ। ਇਸ ਤੋਂ ਇਲਾਵਾ ਸ਼ਾਹਬਾਜ਼ ਨਦੀਮ ਨੇ 2, ਇਸ਼ਾਂਤ ਸ਼ਰਮਾ ਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕੇਟ ਹਾਸਲ ਕੀਤੀ। 241(+178) ਦੀ ਲੀਡ ਮਿਲਣ ਕਰਕੇ ਇੰਗਲੈਂਡ ਦਾ ਸਕੋਰ 419 ਹੋ ਗਿਆ। 420 ਦੇ ਸਕੋਰ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੂੰ 25 ਦੇ ਸਕੋਰ ਉੱਤੇ ਰੋਹਿਤ ਸ਼ਰਮਾ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਚੌਥੇ ਦਿਨ ਦੀ ਸਮਾਪਤੀ ਤੱਕ ਭਾਰਤ ਨੇ 1 ਵਿਕੇਟ ਗਵਾ ਕੇ 39 ਦੋੜਾਂ ਬਣਾ ਲਈਆਂ ਹਨ। ਭਾਰਤ ਨੂੰ ਇਹ ਟਾਰਗੇਟ ਪੂਰਾ ਕਰਨ ਲਈ ਮਜ਼ਬੂਤ ਸਾਂਝੇਦਾਰੀ ਦੀ ਲੋੜ ਹੈ ਅਤੇ ਟੀਮ ਨੂੰ ਤੇਜ਼ ਬੱਲੇਬਾਜ਼ੀ ਵੀ ਕਰਨੀ ਹੋਵੇਗੀ ਤਾਂ ਹੀ ਇਸ ਮੈਚ ਵਿਚ ਜਿੱਤ ਹਾਸਲ ਹੋ ਸਕਦੀ ਹੈ।