ਮੁੰਬਈ : ਬਾਲੀਵੁੱਡ ਐਕਟਰ ਰਿਸ਼ੀ ਕਪੂਰ ਅਤੇ ਰਣਧੀਰ ਕਪੂਰ ਦੇ ਭਰਾ ਰਾਜੀਵ ਕਪੂਰ ਦਾ ਅੱਜ 9 ਫਰਵਰੀ ਨੂੰ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 58 ਸਾਲਾਂ ਰਾਜੀਵ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਆਖਰੀ ਸਮੇਂ ਵਿਚ ਉਨ੍ਹਾਂ ਦੇ ਵੱਡੇ ਭਰਾ ਰਣਧੀਰ ਕਪੂਰ ਉਨ੍ਹਾਂ ਨਾਲ ਮੌਜੂਦ ਸਨ।
ਪਿਛਲੇ ਸਾਲ ਐਕਟਰ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਕਪੂਰ ਪਰਿਵਾਰ ਨੂੰ ਅੱਜ ਮੰਗਲਵਾਰ ਦਾ ਦਿਨ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ। ਸਵੇਰ ਤੱਕ ਠੀਕ ਠਾਕ ਦਿਖਾਈ ਦੇ ਰਹੇ ਰਾਜੀਵ ਕਪੂਰ ਨੂੰ ਨਾਸ਼ਤਾ ਕਰਨ ਦੇ ਬਾਅਦ ਹਲਕੀ ਬੇਚੈਨੀ ਮਹਿਸੂਸ ਹੋਈ। ਉਹ ਕੁੱਝ ਸਮਝ ਪਾਉਂਦੇ ਜਾਂ ਕੁੱਝ ਦੱਸ ਪਾਉਂਦੇ ਉਦੋਂ ਤੱਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਰਣਧੀਰ ਕਪੂਰ ਨੇ ਬਹੁਤ ਸਦਮੇ ਵਿਚ ਇਹ ਜਾਣਕਾਰੀ ਜਨਤਕ ਕੀਤੀ ਹੈ। ਉਨ੍ਹਾਂ ਨੇ ਕਿਹਾ ”ਮੈਂ ਆਪਣੇ ਸੱਭ ਤੋਂ ਛੋਟੇ ਭਰਾ ਰਾਜੀਵ ਨੂੰ ਖੋ ਦਿੱਤਾ ਹੈ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕੇ”। ਦੱਸ ਦਈਏ ਕਿ ਰਾਜੀਵ ਕਪੂਰ ਨੇ ਫਿਲਮ ‘ਇਕ ਜਾਨ ਹੈ ਹਮ’ ਨਾਲ ਹਿੰਦੀ ਸਿਨੇਮਾ ਵਿਚ ਬਤੌਰ ਐਕਟਰ ਡੈਬਿਊ ਕੀਤਾ ਸੀ। ਉਨ੍ਹਾਂ ਦੀ ਸੱਭ ਤੋਂ ਵੱਡੀ ਹਿੱਟ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਰਹੀ। ਉੱਥੇ ਹੀ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਵੀ ਸੋਸ਼ਲ ਮੀਡੀਆ ਉੱਤੇ ਰਾਜੀਵ ਕਪੂਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਰੈਸਟ ਇਨ ਪੀਸ’।
ਦਿੱਗਜ਼ ਬਾਲੀਵੁੱਡ ਗਾਇਕਾ ਲਤਾ ਮੰਗਲੇਸ਼ਕਰ ਨੇ ਟਵੀਟ ਕਰ ਰਾਜੀਵ ਕਪੂਰ ਦੇ ਦੇਹਾਂਤ ਉੱਤੇ ਸ਼ੋਕ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ”ਮੈਨੂੰ ਹੁਣੇ ਪਤਾ ਚੱਲਿਆ ਕਿ ਰਾਜ ਕਪੂਰ ਸਾਹਿਬ ਦੇ ਛੋਟੇ ਬੇਟੇ, ਗੁਣੀ ਐਕਟਰ ਰਾਜੀਵ ਕਪੂਰ ਦਾ ਅੱਜ ਦੇਹਾਂਤ ਹੋ ਗਿਆ। ਸੁਣ ਕੇ ਬਹੁਤ ਦੁੱਖ ਹੋਇਆ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ ਇਹ ਮੇਰੀ ਪ੍ਰਾਰਥਨਾ ਹੈ”। ਦੱਸ ਦਈਏ ਕਿ ਰਾਜੀਵ ਕਪੂਰ ਨੇ ਹਿੰਦੀ ਸਿਨੇਮਾ ਵਿਚ ਬਤੌਰ ਐਕਟਰ, ਪ੍ਰਡਿਊਸਰ ਅਤੇ ਡਾਇਰੈਕਟਰ ਕੰਮ ਕੀਤਾ ਹੈ।