ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਖੇਡਿਆ ਜਾ ਰਿਹਾ ਪਹਿਲਾ ਮੈਚ ਇੰਗਲੈਂਡ ਨੇ ਅੱਜ ਮੰਗਲਵਾਰ ਨੂੰ ਆਪਣੇ ਨਾਮ ਕਰ ਲਿਆ ਹੈ। ਮੈਚ ਦੇ ਪੰਜਵੇ ਦਿਨ ਇੰਗਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਭਾਰਤ ਟੀਮ ਦੀ ਖਰਾਬ ਬੱਲੇਬਾਜ਼ੀ ਕਾਰਨ ਭਾਰਤ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਮਾਨ ਟੀਮ ਨੇ 227 ਦੋੜਾਂ ਨਾਲ ਇਸ ਮੈਚ ਵਿਚ ਬਾਜ਼ੀ ਮਾਰੀ ਹੈ ਅਤੇ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ।
ਦਰਅਸਲ 420 ਦੋੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਚੇਨੰਈ ਦੇ ਮੈਦਾਨ ਵਿਚ ਭਾਰਤੀ ਟੀਮ ਨੇ ਪੰਜਵੇਂ ਦਿਨ ਦੀ ਸ਼ੁਰੂਆਤ 39/1 ਉੱਤੇ ਕੀਤੀ ਸੀ ਪਰ 20ਵੇਂ ਓਵਰ ਵਿਚ ਹੀ ਚਿਤੇਸ਼ਵਰ ਪੁਜਾਰਾ 15 ਦੇ ਸਕੋਰ ਉੱਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਆਪਣਾ ਅਰਧ ਸੈਂਕੜਾ ਜੜਿਆ ਪਰ ਉਹ 50 ਤੋਂ ਇਕ ਵੀ ਜਿਆਦਾ ਦੋੜ ਨਹੀਂ ਬਣਾ ਸਕੇ ਅਤੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਸ਼ਿਕਾਰ ਬਣੇ। ਭਾਰਤ ਨੇ 92 ਦੇ ਸਕੋਰ ਉੱਤੇ ਤਿੰਨ ਵਿਕੇਟਾਂ ਗਵਾ ਲਈਆਂ ਸਨ। ਗਿੱਲ ਤੋਂ ਬਾਅਦ ਖੇਡਣ ਆਏ ਰਹਾਣੇ ਜ਼ੀਰੋ ਦੇ ਸਕੋਰ ਉੱਤੇ ਹੀ ਆਪਣਾ ਵਿਕੇਟ ਗਵਾ ਬੈਠੇ। ਇਕ ਓਵਰ ਵਿਚ ਹੀ ਭਾਰਤ ਨੂੰ ਦੋ ਝਟਕੇ ਲੱਗੇ। ਇਹ ਵਿਕੇਟ ਵੀ ਜੇਮਸ ਐਂਡਰਸਨ ਨੇ ਲਿਆ। ਇਸ ਮਗਰੋਂ ਰਿਸ਼ੰਭ ਪੰਤ ਦੀ ਵਿਕੇਟ ਵੀ ਐਂਡਰਸਨ ਨੇ ਹੀ ਹਾਸਲ ਕੀਤੀ। 110 ਦੇ ਸਕੋਰ ਉੱਤੇ ਭਾਰਤੀ ਦੀ ਅੱਧੀ ਟੀਮ ਆਊਟ ਹੋ ਚੁੱਕੀ ਸੀ। ਦੂਜੀ ਪਾਰੀ ਵਿਚ ਕੇਵਲ ਕਪਤਾਨ ਵਿਰਾਟ ਕੋਹਲੀ ਨੇ ਹੀ 72 ਦੋੜਾਂ ਬਣਾਈਆਂ ਅਤੇ ਪੂਰੀ ਟੀਮ 192 ਦੇ ਸਕੋਰ ਉੱਤੇ ਆਲਆਊਟ ਹੋ ਗਈ। 2017 ਤੋਂ ਬਾਅਦ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਭਾਰਤੀ ਟੀਮ ਨੂੰ ਆਪਣੇ ਦੇਸ਼ ‘ਚ(ਦੋੜਾਂ ਦੇ ਲਿਹਾਜ਼ ਨਾਲ) ਇੰਨੀ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਇੰਗਲੈਂਡ ਲਈ ਇਹ ਜਿੱਤ ਬਹੁਤ ਵੱਡੀ ਹੈ। ਇਸ ਤੋਂ ਪਹਿਲਾਂ ਸਾਲ 2006 ਵਿਚ ਮੁੰਬਈ ‘ਚ ਇੰਲਗੈਂਡ ਨੂੰ 212 ਦੋੜਾਂ ਨਾਲ ਜਿੱਤ ਮਿਲੀ ਸੀ।