ਸੰਸਦ ‘ਚ ਕਿਸਾਨਾਂ ਦੀਆਂ ਮੌਤਾਂ ਦੇ ਅੰਕੜੇ ਤੋਂ ਮੁਕਰਨਾ ਖੇਤੀ ਮੰਤਰੀ ਤੋਮਰ ਦਾ ਅਣਮਨੁੱਖੀ ਤੇ ਹੰਕਾਰੀ ਬਿਆਨ : ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਸੰਸਦ ਵਿੱਚ ਕਿਸਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆ ਚੁੱਕੇ ਕਿਸਾਨਾਂ ਦਾ ਕੋਈ ਅੰਕੜਾ ਨਾ ਹੋਣ ਸਬੰਧੀ ਦਿੱਤੇ ਬਿਆਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਆਪਣੇ ਦੇਸ਼ ਵਾਸੀਆਂ ਲਈ ਗੈਰ ਜ਼ਿੰਮੇਵਾਰ, ਅਣਮਨੁੱਖੀ ਅਤੇ ਹੰਕਾਰੀ ਹੋਣਾ ਸਿੱਧ ਕਰਦੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਸਰਕਾਰ ਕੋਲ ਆਪਣੇ ਹੀ ਦੇਸ਼ ਦੇ ਕਿਸਾਨਾਂ ਦੀਆਂ ਹੋਈਆ ਮੌਤਾਂ ਦਾ ਵੇਰਵਾ ਨਾ ਹੋਣਾ ਸਿੱਧ ਕਰਦਾ ਹੈ ਕਿ ਮੋਦੀ ਸਰਕਾਰ ਇਕ ਗੈਰਜ਼ਿੰਮੇਵਾਰ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਵੱਲੋਂ ਇਹ ਕਹਿਣਾ ਕਿ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਇਹ ਅਣਮਨੁੱਖੀ ਅਤੇ ਹੰਕਾਰੀ ਵਿਵਹਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਖੇਤੀ ਬਾਰੇ ਨਵੇਂ ਕਾਨੂੰਨਾਂ ਨੂੰ ਆਪਣੇ ਲਈ ਮੌਤ ਦੇ ਵਰੰਟ ਦੱਸਦੇ ਆ ਰਹੇ ਹਨ, ਪਰ ਸਰਕਾਰ ਨੇ ਕਿਸਾਨਾਂ ਦੇ ਇਨ੍ਹਾਂ ਮੌਤਾਂ ਦੇ ਵਰੰਟ ਨੂੰ ਸਹੀ ਠਹਿਰਾਉਣ ਲਈ 7.95 ਕਰੋੜ ਰੁਪਏ ਦੇ ਇਸਤਿਹਾਰ ਦੇ ਕੇ ਖਰਚ ਕਰ ਦਿੱਤੇ।

ਚੀਮਾ ਮੁਤਾਬਕ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਪੱਖੀ ਕਾਨੂੰਨਾਂ ਦਾ ਪ੍ਰਚਾਰ ਕਰਨ ਲਈ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕਰਨਾ ਸ਼ਹੀਦ ਕਿਸਾਨਾਂ ਦਾ ਅਪਮਾਨ ਹੈ। ਹੁਣ ਤੱਕ ਕਰੀਬ 228 ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਲਈ ਕੋਈ ਯੋਜਨਾ ਨਾ ਹੋਣੀ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਿਨ ਰਾਤ ਮਿਹਨਤ ਕਰਕੇ ਦੇਸ਼ ਲਈ ਅੰਨ ਪੈਦਾ ਕਰਦਾ ਅਤੇ ਕਿਸਾਨਾਂ ਦੇ ਪੁੱਤਰ ਦੇਸ਼ ਦੀ ਸਰਹੱਦ ਉਤੇ ਆਪਣੀਆਂ ਸ਼ਹੀਦੀਆਂ ਦੇ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਹਨ, ਪ੍ਰੰਤੂ ਮੋਦੀ ਸਰਕਾਰ ਵੱਲੋਂ ਉਸੇ ਕਿਸਾਨ ਨੂੰ ਹੀ ਅੱਖੋ ਪਰੋਖੇ ਕਰਨਾ ਇਸ ਤੋਂ ਵੱਡਾ ਧੋਖਾ ਨਹੀਂ ਹੋ ਸਕਦਾ।

news

Leave a Reply

Your email address will not be published. Required fields are marked *