ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਅੱਜ ਸ਼ਨੀਵਾਰ ਨੂੰ ਪਹਿਲਾ ਦਿਨ ਖਤਮ ਹੋ ਗਿਆ ਹੈ। ਭਾਰਤ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਦਿਨ ਦੀ ਖੇਡ ਖਤਮ ਹੋਣ ਤੱਕ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਮਦਦ ਨਾਲ ਟੀਮ ਨੇ 300/6 ਦੋੜਾਂ ਬਣਾ ਲਈਆਂ ਹਨ। ਰਿਸ਼ੰਭ ਪੰਤ 33 ਅਤੇ ਅਕਸ਼ਰ ਪਟੇਲ 5 ਦੋੜਾਂ ਉੱਤੇ ਨਾਬਾਦ ਹਨ।
ਚੇਨੰਈ ਦੇ ਐਮਏ ਚਿਦੰਬਰਮ ਸਟੇਡੀਅਮ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿਚ ਪਹਿਲਾਂ ਬੱਲੇਬਾਜੀ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਸ਼ੁਭਮਨ ਗਿੱਲ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਜੀਰੋ ਦੇ ਸਕੋਰ ਉੱਤੇ ਭਾਰਤ ਦਾ ਪਹਿਲਾ ਵਿਕੇਟ ਗਿਰ ਗਿਆ ਸੀ। ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਚਿਤੇਸ਼ਵਰ ਪੁਜਾਰਾ ਨੇ ਪਾਰੀ ਨੂੰ ਸੰਭਾਲਿਆ। ਟੀਮ ਦਾ ਸਕੋਰ ਜਦੋਂ 85 ਤੱਕ ਪਹੁੰਚਿਆ ਤਾਂ ਚਿਤੇਸ਼ਵਰ ਪੁਜਾਰਾ ਨੇ 21 ਦੋੜਾਂ ਉੱਤੇ ਆਪਣੀ ਵਿਕੇਟ ਗਵਾ ਦਿੱਤੀ। ਇਸ ਮਗਰੋਂ ਵਿਰਾਟ ਕੋਹਲੀ ਵੀ ਜੀਰੋ ਉੱਤੇ ਆਊਟ ਹੋ ਗਏ। ਹਾਲਾਂਕਿ ਰੋਹਿਤ ਸ਼ਰਮਾ ਅਤੇ ਅੰਜਿਕਿਆ ਰਹਾਣੇ ਨੇ ਬੇਹਤਰੀਨ ਸਾਂਝੇਦਾਰੀ ਕੀਤੀ ਹੈ। ਰੋਹਿਤ ਨੇ ਆਪਣਾ ਸੈਕੜਾਂ ਪੂਰਾ ਕੀਤਾ ਜਦਕਿ ਰਹਾਣੇ ਨੇ ਵੀ ਅਰਧ ਸੈਂਕੜਾ ਠੋਕ ਦਿੱਤਾ। 248 ਦੇ ਸਕੋਰ ਉੱਤੇ ਭਾਰਤ ਦੀ ਚੌਥੀ ਵਿਕੇਟ ਗਿਰੀ। ਰੋਹਿਤ ਸ਼ਰਮਾ 161 ਦੋੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਹਾਣੇ ਵੀ 67 ਦੇ ਸਕੋਰ ਉੱਤੇ ਪਵੇਲੀਅਨ ਚੱਲਦੇ ਬਣੇ। ਮੋਈਨ ਅਲੀ ਨੇ ਉਨ੍ਹਾਂ ਦਾ ਵਿਕੇਟ ਲਿਆ। ਰਵਿਚੰਦਰਨ ਅਸ਼ਵਿਨ ਵੀ 13 ਦੋੜਾਂ ਬਣਾ ਕੇ ਆਪਣੀ ਵਿਕੇਟ ਗਵਾ ਬੈਠੇ। 6 ਵਿਕੇਟਾਂ ਉੱਤੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 300 ਦੋੜਾਂ ਬਣਾ ਲਈਆਂ ਹਨ। ਹੁਣ ਰਿਸ਼ੰਭ ਪੰਤ ਤੋਂ ਵੱਡੀ ਪਾਰੀ ਦੀ ਉਮੀਦ ਹੈ ਤਾਂ ਹੀ ਟੀਮ ਹੋਰ ਵੱਡੇ ਸਕੋਰ ਵੱਲ ਅੱਗੇ ਵੱਧ ਸਕਦੀ ਹੈ।