ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਅੱਜ ਐਤਵਾਰ ਨੂੰ ਦੂਜਾ ਦਿਨ ਖਤਮ ਹੋ ਗਿਆ ਹੈ। ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ ਵਿਚ 329 ਦੋੜਾਂ ਬਣਾਉਣ ਮਗਰੋਂ ਇੰਗਲੈਂਡ ਨੂੰ 134 ਦੋੜਾਂ ਉੱਤੇ ਆਲਆਊਟ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਨੇ ਪਹਿਲੀ ਪਾਰੀ ਦੇ ਆਧਾਰ ਉੱਤੇ 195 ਦੋੜਾਂ ਦੀ ਲੀਡ ਲੈ ਲਈ ਹੈ। ਦੂਜੀ ਪਾਰੀ ਵਿਚ ਭਾਰਤ ਨੇ 54/1 ਰਨ ਬਣਾ ਲਏ ਹਨ ਜਿਸ ਕਰਕੇ ਭਾਰਤ ਦੀ ਕੁੱਲ ਬੜ੍ਹਤ 249 ਦੋੜਾਂ ਦੀ ਹੋ ਗਈ ਹੈ।
ਚੇਨੰਈ ਦੇ ਚਿਦੰਬਰਮ ਸਟੇਡੀਅਮ ਵਿਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ 300/6 ਦੋੜਾਂ ਬਣਾਈਆਂ ਸਨ ਪਰ ਦੂਜੇ ਦਿਨ ਮੇਜਬਾਨ ਟੀਮ ਆਪਣੇ ਸਕੋਰ ਵਿਚ 29 ਦੋੜਾਂ ਦੀ ਜੋੜ ਸਕੀ ਅਤੇ ਆਲਆਊਟ ਹੋ ਗਈ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ 161, ਅੰਜਿਕਿਆ ਰਹਾਣੇ ਨੇ 67 ਅਤੇ ਰਿਸ਼ੰਭ ਪੰਤ ਨੇ ਨਾਬਾਦ 58 ਦੋੜਾਂ ਬਣਾਈਆਂ। ਉੱਥੇ ਹੀ ਆਪਣੀ ਪਹਿਲੀ ਪਾਰੀ ਖੇਡਣ ਲਈ ਮੈਦਾਨ ਵਿਚ ਉੱਤਰੀ ਇੰਗਲੈਂਡ ਦੀ ਟੀਮ ਅੱਜ ਭਾਰਤੀ ਗੇਂਦਬਾਜ਼ਾਂ ਅੱਗੇ ਢੇਰ ਹੋ ਗਈ। ਇੰਗਲੈਂਡ ਨੂੰ ਭਾਰਤ ਨੇ 134 ਦੇ ਸਕੋਰ ਉੱਤੇ ਹੀ ਸਮੇਟ ਦਿੱਤਾ। ਭਾਰਤ ਲਈ ਸੱਭ ਤੋਂ ਵੱਧ ਸਪੀਨਰ ਆਰ ਅਸ਼ਵਿਨ ਨੇ ਪੰਜ ਵਿਕੇਟ ਲਏ। ਇਸ ਤੋਂ ਇਲਾਵਾ ਇਸ਼ਾਂਤ ਸ਼ਰਮਾ ਅਤੇ ਅਕਸ਼ਰ ਪਟੇਲ ਨੇ 2-2 ਜਦਕਿ ਮੁਹੰਮਦ ਸਿਰਾਜ ਨੇ 1 ਵਿਕੇਟ ਲਿਆ। ਇਸ ਮਗਰੋਂ ਭਾਰਤ ਨੇ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਦੂਜੇ ਦਿਨ ਭਾਰਤ ਦਾ ਇਕ ਵਿਕੇਟ ਸ਼ੁਭਮਨ ਗਿੱਲ (14) ਦੇ ਰੂਪ ਵਿਚ ਗਿਰਿਆ। ਰੋਹਿਤ ਸ਼ਰਮਾ 25 ਅਤੇ ਚਿਤੇਸ਼ਵਰ ਪੁਜਾਰਾ 7 ਦੋੜਾਂ ਉੱਤੇ ਨਾਬਾਦ ਹਨ। ਭਾਰਤ ਨੇ 249 ਦੋੜਾਂ ਦੀ ਬੜ੍ਹਤ ਲੈ ਕੇ ਇਸ ਮੈਚ ਵਿਚ ਆਪਣਾ ਸ਼ਿਕੰਜਾ ਕਸ ਲਿਆ ਹੈ।