ਟੂਲਕਿੱਟ ਮਾਮਲੇ ਵਿਚ ਦਿੱਲੀ ਪੁਲਿਸ ਦੇ ਵੱਡੇ ਦਾਅਵੇ, ਖਾਲਿਸਤਾਨੀ ਸੰਗਠਨ ਨਾਲ ਜੋੜੇ ਤਾਰ

ਨਵੀਂ ਦਿੱਲੀ : ਟੂਲਕਿੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਕੇਸ ਵਿਚ ਹੁਣ ਤੱਕ ਦੀ ਜਾਂਚ ਬਾਰੇ ਅਤੇ ਦਿਸ਼ਾ ਰਾਵੀ ਦੀ ਗਿਰਫਤਾਰੀ ਨੂੰ ਲੈਕੇ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਨੇ ਦੱਸਿਆ ਕਿ ਇਸ ਟੂਲਕਿੱਟ ਨੂੰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਹੈ। ਇਸ ਵਿਚ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਸਮਰਥਨ ਦੇਣਾ ਹੈ ਉਸ ਦੀ ਪੂਰੀ ਜਾਣਕਾਰੀ ਸੀ।

ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਟੂਲਕਿੱਟ ਨੂੰ ਵਿਸ਼ਵ ਪੱਧਰ ਉੱਤੇ ਫੈਲਾਉਣ ਦੀ ਸਾਜਿਸ਼ ਸੀ। ਟੂਲਕਿੱਟ ਵਿਚ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਟੂਲਕਿੱਟ ਦਾ ਸੰਬੰਧ ਖਾਲਿਸਤਾਨੀ ਸੰਗਠਨ ਨਾਲ ਹੈ। ਟੂਲਕਿੱਟ ਨੂੰ ਜਨਵਰੀ ਮਹੀਨੇ ਵਿਚ ਬਣਾਇਆ ਗਿਆ ਸੀ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਇਸ ਟੂਲਕਿੱਟ ਦਾ ਮਕਸਦ ਗਲਤ ਪ੍ਰਚਾਰ ਕਰਨਾ, ਡਿਜਿਟਲ ਸਟ੍ਰਾਇਕ ਕਰਨਾ, ਟਵਿੱਟਰ ਸਟਾਰਮ ਪੈਦਾ ਕਰਨਾ, ਲੋਕਾਂ ਵਿਚ ਅਸੰਤੋਸ਼ ਪੈਦਾ ਕਰਨਾ ਅਤੇ ਕਿਸਾਨੀ ਅੰਦੋਲਨ ਨੂੰ ਧਾਰ ਦੇਣਾ ਸੀ। ਇਸ ਦਾ ਉਦੇਸ਼ ਇਸ ਪ੍ਰਦਰਸ਼ਨ ਨੂੰ ਪੂਰੀ ਦੁਨੀਆ ਵਿਚ ਲਿਜਾਣਾ ਤੇ ਭਾਰਤ ਦੀਆਂ ਐਮਬੈਂਸੀਆਂ ਨੂੰ ਟਾਰਗੇਟ ਕਰਨਾ ਸੀ।

ਸਾਈਬੈਰ ਸੈੱਲ ਦੇ ਜੁਵਾਇੰਟ ਸੀਪੀ ਪ੍ਰੇਮਨਾਥ ਸਿੰਘ ਮੁਤਾਬਕ ਟੂਲਕਿੱਟ ਦੇ ਕਈਂ ਸਕਰੀਨਸ਼ਾਟ ਖੁੱਲ੍ਹੇ ਪਲੇਟਫਾਰਮ ਉੱਤੇ ਮੌਜੂਦ ਹਨ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਜਾਂਚ ਵਿਚ ਢੁਕਵੇਂ ਸਬੂਤ ਇੱਕਠੇ ਕੀਤੇ ਗਏ ਉਦੋਂ ਟੂਲਕਿੱਟ ਦੀ ਐਡੀਟਰ ਨਿਕਿਤਾ ਜੈਕਬ ਵਿਰੁੱਧ ਕੋਰਟ ਤੋਂ 9 ਫਰਵਰੀ ਨੂੰ ਤਲਾਸ਼ੀ ਵਾਰੰਟ ਹਾਸਲ ਕੀਤਾ ਗਿਆ। ਇਸ ਤੋਂ ਬਾਅਦ ਇਕ ਟੀਮ ਮੁੰਬਈ ਗਈ ਅਤੇ ਉਸ ਕੋਲੋਂ ਦੋ ਲੈਪਟਾਪ ਅਤੇ ਇਕ ਆਈਫੋਨ ਮਿਲਿਆ ਹੈ।

ਪੁਲਿਸ ਨੇ ਦਾਅਵਾ ਕੀਤਾ ਕਿ ਪੁਨੀਤ ਨਾਮ ਦੀ ਕੈਨੇਡਾ ਵਿਚ ਰਹਿਣ ਵਾਲੀ ਇਕ ਮਹਿਲਾ ਨੇ ਇਨ੍ਹਾਂ ਲੋਕਾਂ ਨੂੰ ਖਾਲਿਸਤਾਨੀ ਗੁੱਟ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਮਿਲਵਾਇਆ। 11 ਜਨਵਰੀ ਨੂੰ ਨਿਕਿਤਾ ਅਤੇ ਸ਼ਾਤਨੁ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਨਾਲ ਜੂਮ ਮੀਟਿੰਗ ਕੀਤੀ ਅਤੇ ਕਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ ਉੱਤੇ ਪੂਰਾ ਅਭਿਆਨ ਚਲਾਇਆ ਜਾਣਾ ਹੈ ਇਸ ਨੂੰ ਲੈਕੇ ਬੈਠਕ ਕੀਤੀ।

ਪੁਲਿਸ ਨੇ ਇਹ ਵੀ ਦੱਸਿਆ ਕਿ ਦਿਸ਼ਾ ਰਾਵੀ ਗ੍ਰੇਟਾ ਥਨਬਰਗ ਨੂੰ ਜਾਣਦੀ ਸੀ। ਇਸ ਲਈ ਉਸ ਨੂੰ ਕਿਹਾ ਗਿਆ ਕਿ ਉਹ ਗ੍ਰੇਟਾ ਨੂੰ ਟੂਲਕਿੱਟ ਭੇਜੇ। ਉਦੋਂ ਦਿਸ਼ਾ ਨੇ ਹੀ ਗ੍ਰੇਟਾ ਨੂੰ ਟੈਲੀਗ੍ਰਾਮ ਜ਼ਰੀਏ ਟੂਲਕਿੱਟ ਭੇਜਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਗੂਗਲ ਨੇ ਟੂਲਕਿੱਟ ਨੂੰ ਲੈਕੇ ਕਈਂ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ, ਹੋਰਨਾਂ ਦੇ ਜਵਾਬ ਜਲਦੀ ਹੀ ਮਿਲ ਜਾਣਗੇ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਹੁਣ ਮੁੰਬਈ ਦੀ ਵਕੀਲ, ਵਾਤਾਵਰਨ ਕਾਰਕੁਨ ਅਤੇ ਟੂਲਕਿੱਟ ਕੇਸ ਵਿਚ ਆਰੋਪੀ ਨਿਕਿਤਾ ਜੈਕਬ ਉੱਤੇ ਸ਼ਿਕੰਜਾ ਕਸ ਦਿੱਤਾ ਹੈ। ਨਿਕਿਤਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਗਿਰਫਤਾਰੀ ਤੋਂ ਬੱਚਣ ਲਈ ਨਿਕਿਤਾ ਨੇ ਬੋਮਬੇ ਹਾਈਕੋਰਟ ਵਿਚ ਅਰਜੀ ਲਗਾਈ ਹੈ ਜਿਸ ਉੱਤੇ ਭਲਕੇ ਸੁਣਵਾਈ ਹੋਣੀ ਹੈ। ਇਸ ਤੋਂ ਇਲਾਵਾ ਸ਼ਾਂਤਨੁ ਵਿਰੁੱਧ ਵੀ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ, ਜਦਕਿ ਦਿਸ਼ਾ ਰਾਵੀ ਪਹਿਲਾਂ ਹੀ ਪੁਲਿਸ ਦੀ ਗਿਰਫਤ ਵਿਚ ਹੈ।

news

Leave a Reply

Your email address will not be published. Required fields are marked *