ਚੰਡੀਗੜ੍ਹ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਵਿਖਾਈ ਦੇ ਰਹੀਆਂ ਹਨ। ਦਰਅਸਲ ਪਿਛਲੇ ਸਾਲ ਦਲਿਤ ਸਮਾਜ ਲਈ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਮਾਮਲੇ ਵਿਚ ਯੁਵਰਾਜ ਸਿੰਘ ਦੇ ਖਿਲਾਫ ਹਰਿਆਣਾ ਪੁਲਿਸ ਨੇ ਕੇਸ ਦਰਜ ਕੀਤਾ ਹੈ। ਹਿੰਸਾਰ ਦੇ ਹਾਂਸੀ ਥਾਣੇ ਵਿਚ ਪੁਲਿਸ ਵੱਲੋਂ ਯੁਵਰਾਜ ਵਿਰੁੱਧ ਐਸਸੀ-ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਕੀਲ ਅਤੇ ਦਲਿਤ ਹਿਊਮਨ ਰਾਈਟਜ਼ ਦੇ ਕਨਵੀਨਰ ਰਜਤ ਕਲਸਨ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਕਰੀਬ 8 ਮਹੀਨ ਬਾਅਦ ਇਹ FIR ਦਰਜ ਕੀਤੀ ਹੈ। ਯੁਵਰਾਜ ਵਿਰੁੱਧ ਪੁਲਿਸ ਨੇ ਆਈਪੀਸੀ ਦੀ ਧਾਰਾ 153, 153ਏ, 295,505 ਤੋਂ ਇਲਾਵਾ ਐਸਸੀ/ਐਸਟੀ ਐਕਟ ਤਹਿਤ ਧਾਰਾ 3 (1) (R) ਅਤੇ 3(1)(S) ਤਹਿਤ ਕੇਸ ਦਰਜ ਕੀਤਾ ਹੈ।
ਦੱਸ ਦਈਏ ਕਿ ਬੀਤੇ ਸਾਲ ਇਕ ਜੂਨ ਨੂੰ ਸੋਸ਼ਲ ਮੀਡੀਆ ਉੱਤੇ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਯੁਵਰਾਜ ਸਿੰਘ ਦੀ ਆਪਸੀ ਗੱਲਬਾਤ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਯੁਵਰਾਜ ਨੇ ਦਲਿਤ ਸਮਾਜ ਉੱਤੇ ਅਪਮਾਨਜਨਕ ਟਿੱਪਣੀ ਕੀਤੀ ਸੀ ਇਸ ਉੱਤੇ ਕਾਫੀ ਹੰਗਾਮਾ ਹੋਇਆ ਸੀ। ਵਕੀਲ ਰਜਤ ਕਲਸਨ ਨੇ ਯੁਵਰਾਜ ਸਿੰਘ ਖਿਲਾਫ ਹਾਂਸੀ ਦੇ ਪੁਲਿਸ ਸੁਪਰਡੈਂਟ ਦੇ ਸਾਹਮਣੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਸੀ। ਐਸਪੀ ਵੱਲੋਂ ਅੱਗੇ ਦੀ ਕਾਰਵਾਈ ਲਈ ਸ਼ਿਕਾਇਤ ਨੂੰ ਥਾਣਾ ਸ਼ਹਿਰ ਹਾਂਸੀ ਭੇਜ ਦਿੱਤਾ ਗਿਆ ਸੀ। ਲੰਬੇ ਸਮੇਂ ਤੱਕ ਕੋਈ ਐਕਸ਼ਨ ਨਾ ਹੋਣ ਉੱਤੇ ਰਜਤ ਕਲਸਨ ਕੋਰਟ ਪਹੁੰਚ ਗਏ ਜਿੱਥੇ ਕੋਰਟ ਦੇ ਹੁਕਮਾਂ ਮਗਰੋਂ ਯੁਵਰਾਜ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।