ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦਾ ਅੱਜ ਤੀਸਰਾ ਦਿਨ ਖਤਮ ਹੋ ਗਿਆ ਹੈ। ਆਰ ਅਸ਼ਵਿਨ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਸਦਕਾ ਚੇਨੰਈ ਟੈਸਟ ਭਾਰਤੀ ਦੀ ਮੁੱਠੀ ਵਿਚ ਆਉਂਦਾ ਵਿਖਾਈ ਦੇ ਰਿਹਾ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲੈਂਡ ਦੀ ਟੀਮ ਨੇ ਤਿੰਨ ਵਿਕੇਟ ਗਵਾ ਕੇ 53 ਦੋੜਾਂ ਬਣਾ ਲਈਆਂ ਹਨ। ਇੰਗਲੈਂਡ ਨੂੰ ਜਿੱਤ ਲਈ ਹੁਣ ਵੀ 429 ਦੋੜਾਂ ਬਣਾਉਣੀ ਹੋਣਗੀਆਂ। ਦੂਜੇ ਪਾਸੇ ਭਾਰਤ ਇਹ ਮੈਚ ਜਿੱਤਣ ਵਾਸਤੇ ਕੇਵਲ ਸੱਤ(ਵਿਕੇਟਾਂ) ਕਦਮ ਦੂਰ ਹੈ।
ਇਸ ਤੋਂ ਪਹਿਲਾਂ ਅੱਜ ਦੂਸਰੀ ਪਾਰੀ ਵਿਚ ਭਾਰਤ ਨੇ ਆਰ ਅਸ਼ਵਿਨ ਦੇ ਸੈਂਕੜੇ ਦੀ ਬਦੌਲਤ 286 ਦੋੜਾਂ ਬਣਾ ਕੇ ਇੰਗਲੈਂਡ ਦੇ ਸਾਹਮਣੇ 482 ਦੋੜਾਂ ਦਾ ਮੁਸ਼ਕਿਲ ਟਾਰਗੇਟ ਰੱਖਿਆ। ਯਾਦ ਰਹੇ ਕਿ ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿਚ 195(+286) ਦੋੜਾਂ ਦੀ ਬੜ੍ਹਤ ਮਿਲੀ ਹੋਈ ਸੀ। ਅਸ਼ਵਿਨ ਨੇ 106 ਦੋੜਾਂ ਬਣਾਈਆਂ ਜਦਕਿ ਕਪਤਾਨ ਵਿਰਾਟ ਕੋਹਲੀ ਨੇ 62 ਦੋੜਾਂ ਦੀ ਪਾਰੀ ਖੇਡੀ। ਭਾਰਤ ਨੇ ਸਵੇਰੇ 54/1 ਦੋੜਾਂ ਦੇ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਅਸ਼ਵਿਨ ਅਤੇ ਕੋਹਲੀ ਨੂੰ ਛੱਡ ਕੇ ਕੋਈ ਵੀ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਇਆ। ਅਸ਼ਵਿਨ ਅਤੇ ਕੋਹਲੀ ਦੀ ਪਾਰੀ ਨੇ ਹੀ ਭਾਰਤ ਨੂੰ 286 ਦੇ ਸਕੋਰ ਉੱਤੇ ਪਹੁੰਚਾਇਆ।
ਓਧਰ ਵੱਡੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। 17 ਦੇ ਸਕੋਰ ਉੱਤੇ ਮਹਿਮਾਨ ਟੀਮ ਨੂੰ ਓਪਨਰ ਸਿਬਲੀ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਅਕਸ਼ਰ ਪਟੇਲ ਨੇ ਇਹ ਵਿਕੇਟ ਲਿਆ।ਇਸ ਤੋਂ ਬਾਅਦ 16ਵੇਂ ਓਵਰ ਵਿਚ ਆਰ ਅਸ਼ਵਿਨ ਨੇ ਰਾਰੀ ਬਨਰਸ ਨੂੰ ਪਵੇਲੀਅਨ ਚੱਲਦਾ ਕੀਤਾ। ਇਸ ਮਗਰੋਂ ਅਕਸ਼ਰ ਪਟੇਲ ਨੇ ਜੈਕੀ ਲੀਚ ਦੀ ਵਿਕੇਟ ਹਾਸਲ ਕੀਤੀ। ਸਟੰਪਸ ਤੱਕ ਇੰਗਲੈਂਡ ਨੇ 53/3 ਦਾ ਸਕੋਰ ਬਣਾ ਲਿਆ ਹੈ। ਡੈਨ ਲਾਰੈਂਸ 19 ਅਤੇ ਜੋਅ ਰੂਟ 2 ਦੋੜਾਂ ਉੱਤੇ ਨਾਬਾਦ ਹਨ। ਭਲਕੇ ਭਾਰਤ ਦੀ ਕੋਸ਼ਿਸ਼ ਇੰਗਲੀਸ਼ ਟੀਮ ਨੂੰ ਜਲਦੀ ਤੋਂ ਜਲਦੀ ਆਊਟ ਕਰਕੇ ਇਹ ਮੈਚ ਜਿੱਤਣ ਦੀ ਹੋਵੇਗੀ।