ਚੰਡੀਗੜ੍ਹ : ਕੁੰਡਲੀ ਬਾਰਡਰ ਤੋਂ ਗਿਰਫਤਾਰ ਕੀਤੀ ਗਈ ਪੰਜਾਬ ਰਾਜ ਦੀ ਕਿਰਤੀ ਕਾਰਕੁਨ ਨੌਦੀਪ ਕੌਰ ਨਾਲ ਜੇਲ੍ਹ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮੁਲਾਕਾਤ ਲਈ ਆਗਿਆ ਨਹੀਂ ਦਿੱਤੀ ਗਈ ਹੈ। ਇਸ ਸਬੰਧ ਵਿਚ ਉਨ੍ਹਾਂ ਨੂੰ ਹਰਿਆਣਾ ਸਰਕਾਰ ਤੋਂ ਇਜ਼ਾਜਤ ਲੈਣ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਮਨੀਸ਼ਾ ਗੁਲਾਟੀ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਨੌਦੀਪ ਦੀ ਰਿਹਾਈ ਦਾ ਮੁੱਦਾ ਚੁੱਕਿਆ ਸੀ।
ਕਮਿਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਸਵੇਰੇ ਕਰਨਾਲ ਜੇਲ੍ਹ ਦੇ ਸੁਪਰਡੈਂਟ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਫੋਨ ਕਰ ਕਿਹਾ ਕਿ ਮਨੀਸ਼ਾ ਗੁਲਾਟੀ ਨੂੰ ਨੌਦੀਪ ਦੇ ਨਾਲ ਮੁਲਾਕਾਤ ਕਰਨ ਲਈ ਪਹਿਲਾਂ ਹਰਿਆਣਾ ਸਰਕਾਰ ਤੋਂ ਪ੍ਰਵਾਨਗੀ ਲੈਣੀ ਹੋਵੇਗੀ।
ਉੱਥੇ ਹੀ ਬੀਤੇ ਦਿਨ ਮਨੀਸ਼ਾ ਗੁਲਾਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨੌਦੀਪ ਕੌਰ ਦੇ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਨੌਦੀਪ ਕੌਰ ਦੇ ਸੰਵਿਧਾਨਕ ਹੱਕ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਦੱਸ ਦਈਏ ਕਿ ਨੌਦੀਪ ਦਾ ਸਬੰਧ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ਨਾਲ ਹੈ। ਦਲਿਤ ਪਰਿਵਾਰ ਵਿੱਚ ਪੈਦਾ ਹੋਈ ਨੌਦੀਪ ਕੌਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੀ 24 ਸਾਲਾ ਨੌਦੀਪ ਕੌਰ ਪਿਛਲੇ ਇਕ ਮਹੀਨੇ ਤੋਂ ਜੇਲ੍ਹ ਵਿੱਚ ਬੰਦ ਹੈ। ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ। ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ ‘ਤੇ ਜ਼ਬਰਨ ਪੈਸੇ ਉਗਰਾਹ ਰਹੀ ਸੀ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ ‘ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।