ਟੂਲਕਿੱਟ ਮਾਮਲੇ ਵਿਚ ਦਿਸ਼ਾ ਰਵੀ ਦੀ ਗਿਰਫਤਾਰੀ ‘ਤੇ ਉੱਠੇ ਸਵਾਲ, ਪ੍ਰਿੰਅਕਾ ਨੇ ਕਿਹਾ-ਨਿੱਹਥੀ ਲੜਕੀ ਤੋਂ ਡਰੀ ਸਰਕਾਰ, ਕੇਜਰੀਵਾਲ ਨੇ ਵੀ ਕੀਤਾ ਵਾਰ

ਨਵੀਂ ਦਿੱਲੀ : ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ਵਿਚ ਦਿੱਲੀ ਪੁਲਿਸ ਵੱਲੋਂ ਸ਼ਨੀਵਾਰ ਨੂੰ ਬੈਂਗਲੁਰੂ ਤੋਂ 21 ਸਾਲ ਦੀ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸ ਗਿਰਫਤਾਰੀ ਉੱਤੇ ਹੁਣ ਵਿਰੋਧੀ ਪਾਰਟੀਆਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿੰਅਕਾ ਗਾਂਧੀ ਵਾਡ੍ਰਾ, ਰਾਹੁਲ ਗਾਂਧੀ, ਸ਼ਸ਼ੀ ਥਰੂਰ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਗਿਰਫਤਾਰੀ ਦਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰੀਸ ਦੀ ਭਾਂਜੀ ਮੀਨਾ ਹੈਰੀਸ ਨੇ ਵੀ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਸਰਕਾਰ ਇਕ ਕਾਰਕੁਨ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ ?

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਦਿਸ਼ਾ ਰਵੀ ਦੀ ਗਿਰਫਤਾਰੀ ਦਾ ਵਿਰੋਧ ਕਰਦੇ ਹੋਏ ਟਵੀਟ ਕਰ ਕਿਹਾ ਹੈ ਕਿ ਭਾਰਤ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਲਿਖਿਆ ਕਿ ”ਬੋਲ ਕਿ ਲਬ ਆਜ਼ਾਦ ਹੈ ਤੇਰੇ, ਬੋਲ ਕਿ ਸੱਚ ਜਿਊਂਦਾ ਹੈ ਹੁਣ ਤੱਕ। ਉਹ ਡਰੇ ਹਨ, ਦੇਸ਼ ਨਹੀਂ। ਭਾਰਤ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ”।

ਉੱਥੇ ਹੀ ਪ੍ਰਿੰਅਕਾ ਗਾਂਧੀ ਨੇ ਦਿਸ਼ਾ ਦੀ ਗਿਰਫਤਾਰੀ ਨੂੰ ਲੈਕੇ ਸਰਕਾਰ ਉੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ”ਡਰਦੇ ਹਨ ਬੰਦੂਕਾਂ ਵਾਲੇ ਇਕ ਨਿੱਹਥੀ ਲੜਕੀ ਤੋਂ, ਫੈਲੇ ਹਨ ਹਿੰਮਤ ਦੇ ਉਜ਼ਾਲੇ ਇਕ ਨਿੱਹਥੀ ਲੜਕੀ ਤੋਂ”।

ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿਸ਼ਾ ਰਵੀ ਦੀ ਗਿਰਫਤਾਰੀ ਦੇ ਰੋਸ ਵਿਚ ਲਿਖਿਆ ਕਿ ”21 ਸਾਲ ਦੀ ਦਿਸ਼ਾ ਰਵੀ ਦੀ ਗਿਰਫ਼ਤਾਰੀ ਲੋਕਤੰਤਰ ਉੱਤੇ ਇਕ ਬੇਮਿਸਾਲ ਹਮਲਾ ਹੈ। ਸਾਡੇ ਕਿਸਾਨਾਂ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ”।

ਉੱਥੇ ਹੀ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਇਸ ਮੁੱਦੇ ਉੱਤੇ ਕਿਹਾ ਕਿ ”ਭਾਰਤ ਵਿਚ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਜਿਸ ਤਰ੍ਹਾਂ ਨਾਲ ਰਾਜਨੀਤਿਕ ਵਿਰੋਧ ਅਤੇ ਵਿਚਾਰਕ ਆਜ਼ਾਦੀ ਉੱਤੇ ਹਮਲੇ ਹੋ ਰਹੇ ਹਨ,ਦਿਸ਼ਾ ਰਵੀ ਦੀ ਗਿਰਫਤਾਰੀ ਉਸ ਵਿਚ ਨਵਾਂ ਕਦਮ ਹੈ। ਕੀ ਭਾਰਤ ਸਰਕਾਰ ਨੂੰ ਦੁਨੀਆ ਵਿਚ ਆਪਣੀ ਛਵੀ ਖਰਾਬ ਹੋਣ ਦੀ ਜ਼ਰਾ ਵੀ ਪਰਵਾਹ ਨਹੀਂ ਹੈ ?

ਓਧਰ ਅਮਰੀਕੀ ਉੱਪ-ਰਾਸ਼ਟਰਪਤੀ ਦੀ ਭਾਂਜੀ ਅਤੇ ਪੇਸ਼ੇ ਤੋਂ ਵਕੀਲ ਮੀਨਾ ਹੈਰੀਸ ਨੇ ਦਿਸ਼ਾਂ ਦੀ ਗਿਰਫਤਾਰੀ ਨੂੰ ਲੈਕੇ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ”ਭਾਰਤੀ ਅਧਿਕਾਰੀਆਂ ਨੇ ਇਕ ਹੋਰ ਮਹਿਲਾ ਕਾਰਕੁਨ ਦਿਸ਼ਾ ਰਵੀ ਨੂੰ ਗਿਰਫਤਾਰ ਕੀਤਾ ਹੈ, ਕਿਉਂਕਿ ਉਸ ਨੇ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਨ ਲਈ ਸੋਸ਼ਲ ਮੀਡੀਆ ਉੱਤੇ ਟੂਲਕਿੱਟ ਪੋਸਟ ਕੀਤੀ ਸੀ। ਸਰਕਾਰ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਰ ਉਹ ਕਿਉਂ ਕਾਰਕੁਨ ਨੂੰ ਨਿਸ਼ਾਨਾ ਬਣਾ ਰਹੇ ਹਨ?”

ਦਿਸ਼ਾ ਰਵੀ ਦੀ ਗਿਰਫਤਾਰੀ ਉੱਤੇ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਦਿੰਦਿਆ ਬੈਂਗਲੁਰੂ ਸੈਂਟਰਲ ਤੋਂ ਭਾਜਪਾ ਸਾਂਸਦ ਪੀਸੀ ਮੋਹਨ ਨੇ ਟਵੀਟ ਕਰ ਲਿਖਿਆ ਕਿ ”ਬੁਰਹਾਨ ਵਾਨੀ 21 ਸਾਲ ਦਾ ਸੀ। ਅਜਮਲ ਕਸਾਬ 21 ਸਾਲ ਦਾ ਸੀ। ਉਮਰ ਕੇਵਲ ਇਕ ਸੰਖਿਆ ਹੈ। ਕੋਈ ਕਾਨੂੰਨ ਤੋਂ ਉੱਪਰ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰੇਗਾ। ਅਪਰਾਧ, ਅਪਰਾਧ ਹੁੰਦਾ ਹੈ”।

ਕੋਣ ਹੈ ਦਿਸ਼ਾ ਰਵੀ
ਨਾਰਥ ਬੈਂਗਲੁਰੂ ਦੇ ਸੋਲਾਦੇਵਨਾ ਹਲੀ ਇਲਾਕੇ ਦੀ ਰਹਿਣ ਵਾਲੀ ਅਤੇ ਕਲਾਈਮੇਟ ਕਾਰਕੁਨ ਦਿਸ਼ਾ ਨੇ ਮਾਊਂਟ ਕੈਮੇਲ ਕਾਲਜ ਤੋਂ ਬਿਜਨੇਸ ਐਡਮਿਨਸਟ੍ਰੇਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਇਸ ਸਮੇਂ ਉਹ ਗੁਡ ਮਾਈਲਕ ਕੰਪਨੀ ਨਾਲ ਜੁੜੀ ਹੋਈ ਸੀ। ਦਿਸ਼ਾ ਰਵੀ ਦੇ ਪਿਤਾ ਮੈਸੂਰ ਵਿਚ ਇਕ ਐਥਲੀਟਿਕ ਕੋਚ ਹਨ ਅਤੇ ਮਾਂ ਇਕ ਘਰੇਲੂ ਔਰਤ ਹੈ। ਆਰੋਪ ਹੈ ਕਿ ਦਿਸ਼ਾ ਰਵੀ ਨੇ ਕਿਸਾਨਾਂ ਨਾਲ ਜੁੜੇ ਟੂਲਕਿੱਟ ਨੂੰ ਐਡੀਟ ਕੀਤਾ ਅਤੇ ਉਸ ਵਿਚ ਕੁੱਝ ਚੀਜਾਂ ਜੋੜੀਆਂ ਤੇ ਉਸ ਨੂੰ ਅੱਗੇ ਭੇਜਿਆ।

ਦਰਅਸਲ ਕਲਾਈਮੇਟ ਚੇਂਜ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਕਿਸਾਨਾਂ ਦੇ ਸਮਰਥਨ ਵਿਚ ਇਕ ਟਵੀਟ ਕੀਤਾ ਸੀ ਜਿਸ ਵਿਚ ਇਕ ਟੂਲਕਿੱਟ ਵੀ ਸੀ। ਇਲਜ਼ਾਮ ਹੈ ਕਿ ਇਸ ਟੂਲਕਿੱਟ ਵਿਚ ਕਿਸਾਨ ਅੰਦੋਲਨ ਨੂੰ ਲੈਕੇ ਮੋਦੀ ਸਰਕਾਰ ਨੂੰ ਘੇਰਣ ਅਤੇ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਰੱਚੀ ਗਈ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਟੂਲਕਿੱਟ ਵਾਲੇ ਟਵੀਟ ਨੂੰ ਡਿਲਿਟ ਕਰ ਦਿੱਤਾ ਅਤੇ ਫਿਰ ਇਕ ਹੋਰ ਟੂਲਕਿੱਟ ਜਾਰੀ ਕੀਤਾ। ਇਸ ਦਾ ਖੁਲਾਸਾ ਹੋਣ ਮਗਰੋਂ ਬਵਾਲ ਮੱਚ ਗਿਆ ਸੀ। 4 ਫਰਵਰੀ ਨੂੰ ਦਿੱਲੀ ਪੁਲਿਸ ਦੀ ਸਾਈਬੈਰ ਸੈੱਲ ਨੇ ਟੂਲਕਿੱਟ ਮਾਮਲੇ ਵਿਚ ਦੇਸ਼ ਦੇ ਖਿਲਾਫ ਸਾਜਿਸ਼ ਰੱਚਣ, ਹਿੰਸਾ ਲਈ ਭੜਕਾਉਣ ਅਤੇ ਨਫਰਤ ਫੈਲਾਉਣ ਤਹਿਤ ਕਈਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਸੀ।

news

Leave a Reply

Your email address will not be published. Required fields are marked *