Punjab Municipal Election 2021: 71 ਫੀਸਦੀ ਵੋਟਿੰਗ, ਉਮੀਦਵਾਰਾਂ ਦੀ ਕਿਸਮਤ EVM ‘ਚ ਕੈਦ, ਹਿੰਸਾ ਨੂੰ ਲੈਕੇ ਪਾਰਟੀਆਂ ਇਕ-ਦੂਜੇ ਨੂੰ ਠਹਿਰਾ ਰਹੀ ਜ਼ਿੰਮੇਵਾਰ

ਚੰਡੀਗੜ੍ਹ : ਪੰਜਾਬ ਵਿਚ ਬੀਤੇ ਐਤਵਾਰ ਨੂੰ 8 ਨਗਰ ਨਿਗਮਾਂ, 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ ਜ਼ਿਮਨੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਚੋਣਾਂ ਦੇ ਨਤੀਜ਼ੇ 17 ਫਰਵਰੀ ਨੂੰ ਆਉਣਗੇ। ਕੁੱਲ 9222 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿਚ ਕੈਦ ਹੋ ਗਈ ਹੈ। ਪੂਰੀ ਵੋਟਿੰਗ ਪ੍ਰਕਿਰਿਆ ਦੌਰਾਨ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਵੱਖ-ਵੱਖ ਥਾਵਾਂ ਉੱਤੇ 14 ਲੋਕ ਜ਼ਖ਼ਮੀ ਹੋਏ ਹਨ। ਪੱਟੀ ਅਤੇ ਸੁਲਤਾਨਪੁਰ ਲੋਧੀ ਵਿਚ ਗੋਲੀ ਚੱਲੀ ਹੈ। ਉੱਥੇ ਹੀ ਜੇਕਰ ਮਤਦਾਨ ਦੀ ਗੱਲ ਕੀਤੀ ਜਾਵੇ ਤਾਂ 71.39 ਫੀਸਦੀ ਲੋਕਾਂ ਨੇ ਇਨ੍ਹਾਂ ਚੋਣਾਂ ਵਿਚ ਆਪਣੀ ਵੋਟ ਦਾ ਇਸਤਾਮਲ ਕੀਤਾ ਹੈ।

ਕਿੱਥੇ-ਕਿੰਨੇ ਫੀਸਦੀ ਹੋਈ ਵੋਟਿੰਗ
ਮਾਨਸਾ ਵਿਚ 82.99 ਫੀਸਦੀ , ਬਠਿੰਡਾ ਵਿਚ 79 ਫੀਸਦੀ, ਸੰਗਰੂਰ ਵਿਚ 77.39 ਫੀਸਦੀ, ਫਤਿਹਗੜ੍ਹ ਸਾਹਿਬ ਵਿਚ 75.78 ਫੀਸਦੀ, ਫਰੀਦਕੋਟ ਵਿਚ 73.03 ਫੀਸਦੀ, ਪਠਾਨਕੋਟ ਵਿਚ 75.37 ਫੀਸਦੀ, ਫਿਰੋਜ਼ਪੁਰ ਵਿਚ 74.01 ਫੀਸਦੀ, ਰੋਪੜ ਵਿਚ 73.90 ਫੀਸਦੀ, ਜਲੰਧਰ ਵਿਚ 73.29 ਫੀਸਦੀ, ਫਾਜ਼ਿਲਕਾ ਵਿਚ 72.40 ਫੀਸਦੀ, ਬਰਨਾਲਾ ਵਿਚ 71.99 ਫੀਸਦੀ, ਪਟਿਆਲਾ ਵਿਚ 70.09 ਫੀਸਦੀ, ਲੁਧਿਆਣਾ ਵਿਚ 70.33 ਫੀਸਦੀ, ਅੰਮ੍ਰਿਤਸਰ ਵਿਚ 71.20 ਫੀਸਦੀ, ਮੋਗਾ ਵਿਚ 69.50 ਫੀਸਦੀ, ਕਪੂਰਥਲਾ ਵਿਚ 64.34 ਫੀਸਦੀ, ਮੁਕਤਸਰ ਸਾਹਿਬ ਵਿਚ 68.65 ਫੀਸਦੀ, ਹੁਸ਼ਿਆਰਪੁਰ ਵਿਚ 66.68 ਫੀਸਦੀ, ਗੁਰਦਾਸਪੁਰ ਵਿਚ 70 ਫੀਸਦੀ, ਨਵਾਂਸ਼ਹਿਰ ਵਿਚ 69.71 ਫੀਸਦੀ, ਤਰਨਤਾਰਨ ਵਿਚ 73.12 ਫੀਸਦੀ ਅਤੇ ਮੁਹਾਲੀ ਵਿਚ 60.08 ਫੀਸਦੀ ਵੋਟਿੰਗ ਹੋਈ ਹੈ।

ਉੱਥੇ ਹੀ ਵੋਟਿੰਗ ਦੌਰਾਨ ਹੋਈ ਹਿੰਸਾ ਨੂੰ ਲੈਕੇ ਸਿਆਸੀ ਪਾਰਟੀਆਂ ਇਕ-ਦੂਜੇ ਉੱਤੇ ਆਰੋਪ ਲਗਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਜਿੱਥੇ ਕਿਤੇ ਮਾਮੂਲੀ ਹਿੰਸਾ ਹੋਈ ਹੈ ਉਸ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਹੱਥ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਚੋਣ ਵਿਚ ਵੋਟਰ ਵਿਕਾਸ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ ਅਤੇ ਵਿਰੋਧੀ ਧੀਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ। ਇਸ ਤੋਂ ਇਲਾਵਾ ਜਾਖੜ ਨੇ ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਵਧਾਈ ਦਿੱਤੀ।

ਦੂਜੇ ਪਾਸੇ ਇਨ੍ਹਾਂ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਨੇ ਸਿਰਫ ਬੂਥਾਂ ’ਤੇ ਹੀ ਕਬਜ਼ਾ ਨਹੀਂ ਕੀਤਾ ਬਲਕਿ ਵਿਰੋਧੀ ਧਿਰ ਤੇ ਆਮ ਲੋਕਾਂ ਨੇ ਜਿਥੇ ਵੀ ਉਹਨਾਂ ਦਾ ਵਿਰੋਧ ਕੀਤਾ, ਉਥੇ ਹੀ ਉਹਨਾਂ ਉਪਰ ਹਮਲਾ ਕਰ ਦਿੱਤਾ।

ਜਦਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧੀਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿ ਉੱਤੇ ਕਾਂਗਰਸੀ ਗੁੰਡਿਆਂ ਵੱਲੋਂ ਸੂਬੇ ਭਰ ’ਚ ਕਈ ਥਾਵਾਂ ਉੱਤੇ ਬੂਥ ਕਬਜ਼ੇ ਅਤੇ ਸਾਡੇ ਵਰਕਰਾਂ ਉੱਤੇ ਕੀਤੇ ਹਮਲਿਆਂ ਦੀ ਅਸੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਉਨ੍ਹਾਂ ਇਲਜ਼ਾਮ ਲਗਾਇਆ ਕਿ ”ਕੈਪਟਨ ਅਤੇ ਕਾਂਗਰਸੀ ਗੁੰਡਿਆਂ ਵੱਲੋਂ ਪੰਜਾਬ ਭਰ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਤੇ ਹੁਣ ਲੋਕਤੰਤਰ ਦਾ ਕਤਲ ਕਰ ਰਹੇ ਹਨ, ਕੈਪਟਨ ਅਮਰਿੰਦਰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ”।

news

Leave a Reply

Your email address will not be published. Required fields are marked *