ਭੋਪਾਲ : ਮੱਧ ਪ੍ਰਦੇਸ਼ ਦੇ ਸੀਧੀ ਵਿਚ ਅੱਜ ਮੰਗਲਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਦਰਅਸਲ ਸੀਧੀ ਜ਼ਿਲ੍ਹੇ ਦੇ ਰਾਮਪੁਰ ਨੌਕਿਨ ਥਾਣਾ ਇਲਾਕੇ ਵਿਚ ਇਕ ਯਾਤਰੀ ਬੱਸ ਨਹਿਰ ‘ਚ ਗਿਰ ਗਈ ਹੈ। ਬੱਸ ਵਿਚ 54 ਯਾਤਰੀ ਸਵਾਰ ਸਨ ਜਿਨ੍ਹਾਂ ਵਿਚੋਂ ਹੁਣ ਤੱਕ 40 ਦੀਆਂ ਲਾਸ਼ਾ ਮਿਲ ਚੁੱਕੀਆਂ ਹਨ। ਇਸ ਦਰਦਨਾਕ ਹਾਦਸੇ ਦੇ ਬਾਅਦ ਸੱਤ ਲੋਕਾਂ ਨੂੰ ਬਚਾਇਆ ਗਿਆ ਜਦਕਿ ਡਰਾਇਵਰ ਨੇ ਤੈਰ ਕੇ ਜਾਨ ਬਚਾਈ ਹੈ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਬੱਸ ਸੀਧੀ ਤੋਂ ਸਤਨਾ ਜਾ ਰਹੀ ਸੀ। ਸਾਈਡ ਲੈਣ ਦੌਰਾਨ ਉਹ ਸਿੱਧੀ ਨਹਿਰ ਵਿਚ ਜਾ ਗਿਰੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਨੇੜੇ-ਤੇੜੇ ਦੇ ਲੋਕ ਇੱਕਠੇ ਹੋ ਗਏ ਅਤੇ ਨਹਿਰ ਵਿਚ ਗਿਰੀ ਬੱਸ ਵਿਚੋਂ ਲੋਕਾਂ ਨੂੰ ਬਾਹਰ ਕੱਢਣ ਵਿਚ ਜੁੱਟ ਗਏ। ਇਸ ਤੋਂ ਬਾਅਦ ਐਸਡੀਆਰਐਫ ਅਤੇ ਗੌਤਾਖੋਰਾਂ ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਅਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ।
ਪੁਲਿਸ ਅਨੁਸਾਰ ਬੱਸ ਦੀ ਸਮਰੱਥਾ 32 ਸਵਾਰੀਆਂ ਦੀ ਸੀ ਪਰ ਇਸ ਵਿਚ 54 ਯਾਤਰੀ ਭਰੇ ਗਏ। ਸੀਧੀ ਮਾਰਗ ਉੱਤੇ ਛੁਹੀਆ ਘਾਟੀ ਤੋਂ ਹੋ ਕੇ ਬੱਸ ਨੂੰ ਸਤਨਾ ਜਾਣਾ ਸੀ ਪਰ ਇੱਥੇ ਜਾਮ ਕਾਰਨ ਡਰਾਇਵਰ ਨੇ ਰੂਟ ਬਦਲ ਲਿਆ ਉਹ ਨਹਿਰ ਦੇ ਕਿਨਾਰੇ ਬੱਸ ਲਿਜਾ ਰਿਹਾ ਸੀ। ਇਹ ਰਸਤਾ ਕਾਫੀ ਖਰਾਬ ਸੀ ਅਤੇ ਇਸੇ ਦੌਰਾਨ ਡਰਾਇਵਰ ਨੇ ਸੰਤੁਲਨ ਗਵਾ ਦਿੱਤਾ ਤੇ ਇਹ ਹਾਦਸਾ ਵਾਪਰ ਗਿਆ।
ਇਸ ਘਟਨਾ ਉੱਤੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ”ਨਹਿਰ ਕਾਫੀ ਗਹਿਰੀ ਹੈ। ਅਸੀ ਤਤਕਾਲ ਬੰਧ ਨਾਲ ਪਾਣੀ ਬੰਦ ਕਰਵਾਇਆ ਅਤੇ ਰਾਹਤ-ਬਚਾਅ ਲਈ ਰੈਸਕਿਊ ਟੀਮਾਂ ਨੂੰ ਭੇਜਿਆ। ਕਲੈਕਟਰ, ਐਸਪੀ ਅਤੇ ਐਸਡੀਆਰਐਫ ਦੀਆਂ ਟੀਮ ਉੱਥੇ ਹਨ। ਬੱਸ ਨੂੰ ਕੱਢਣ ਦੇ ਯਤਨ ਜਾਰੀ ਹਨ। ਮੈਂ ਰਾਹਤ ਅਤੇ ਬਚਾਅ ਕਾਰਜ ਕਰਨ ਵਾਲੀ ਟੀਮ ਦੇ ਸੰਪਰਕ ਵਿਚ ਹਾਂ। ਸੱਤ ਲੋਕ ਬਚਾਏ ਜਾ ਚੁੱਕੇ ਹਨ”।