ਪਟਿਆਲਾ ਤੋਂ ਬਾਅਦ ਹੁਣ ਇਸ ਜ਼ਿਲ੍ਹੇ ਦੇ ਦੋ ਬੂਥਾਂ ‘ਤੇ ਮੁੜ ਪੈਣਗੀਆਂ ਵੋਟਾਂ, 14 ਫਰਵਰੀ ਨੂੰ ਵਰਤੀ ਗਈ ਸੀ ਕੁਤਾਹੀ

ਚੰਡੀਗੜ੍ਹ : ਜਿੱਥੇ ਇਕ ਪਾਸੇ ਅੱਜ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਨਗਰ ਕੌਸਲ ਪਾਤੜਾਂ ਅਤੇ ਸਮਾਣਾ ਵਿਚ ਤਿੰਨ ਬੂਥਾਂ ਉੱਤੇ ਮੁੜ ਵੋਟਿੰਗ ਹੋ ਰਹੀ ਹੈ। ਉੱਥੇ ਹੀ ਹੁਣ ਰਾਜ ਚੋਣ ਕਮਿਸ਼ਨ ਵਲੋਂ ਅੱਜ ਨਗਰ ਨਿਗਮ ਮੁਹਾਲੀ(ਐਸ.ਏ.ਐਸ. ਨਗਰ) ਦੇ 2 ਬੂਥਾਂ ਉੱਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਬੂਥਾਂ ਉੱਤੇ 14 ਫਰਵਰੀ ਨੂੰ ਵੋਟਿੰਗ ਦੌਰਾਨ ਕੁਤਾਹੀਆਂ ਵਰਤਣ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।

ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅੱਜ 16 ਫਰਵਰੀ 2021 ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫਸਰ ਐਸ.ਏ.ਐਸ. ਨਗਰ ਵਲੋਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਰਿਪੋਰਟ ਭੇਜੀ ਗਈ ਜਿਸ ਵਿੱਚ ਨਗਰ ਨਿਗਮ ਐਸ.ਏ.ਐਸ. ਨਗਰ ਦੇ ਵਾਰਡ ਨੰ: 10 ਦੇ ਬੂਥ ਨੰ: 32 ਅਤੇ 33 ਵਿੱਚ ਵੋਟਾਂ ਪੈਣ ਦੋਰਾਨ ਹੋਈਆਂ ਕੁਤਾਹੀਆਂ ਦਾ ਜ਼ਿਕਰ ਕੀਤਾ ਗਿਆ ਅਤੇ ਇਨ੍ਹਾਂ ਬੂਥਾਂ ਤੇ ਮੁੜ ਵੋਟਾਂ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਸੀ । ਬੁਲਾਰੇ ਨੇ ਦੱਸਿਆ ਕਿ ਇਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਨ੍ਹਾਂ 2 ਬੂਥਾਂ ਉੱਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਦੋਵਾਂ ਬੂਥਾਂ ਉੱਤੇ ਹੁਣ ਮਿਤੀ 17 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ ਸ਼ਾਮ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਪਹਿਲਾਂ ਮਿਥੇ ਪ੍ਰੋਗਰਾਮ ਦੀ ਥਾਂ ਸਮੁੱਚੇ ਨਗਰ ਨਿਗਮ ਐਸ.ਏ.ਐਸ. ਨਗਰ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ ਹੁਣ 18 ਫਰਵਰੀ, 2021 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ ਪਟਿਆਲਾ ਦੀ ਨਗਰ ਕੌਸਲ ਪਾਤੜਾਂ ਦੇ ਵਾਰਡ ਨੰਬਰ ਅੱਠ ਦੇ ਬੂਥ ਨੰਬਰ 11 ਅਤੇ ਸਮਾਣਾ ਦੇ ਵਾਰਡ ਨੰਬਰ 11 ਦੇ ਦੋ ਪੋਲਿੰਗ ਬੂਥਾਂ 22 ਤੇ 23 ਉੱਤੇ ਅੱਜ ਮੁੜ ਵੋਟਾਂ ਪੈ ਰਹੀਆਂ ਹਨ। ਇੱਥੇ 14 ਫਰਵਰੀ ਨੂੰ ਈਵੀਐਮ ਮਸ਼ੀਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

news

Leave a Reply

Your email address will not be published. Required fields are marked *