ਕੱਲਕਤਾ : ਪੱਛਮੀ ਬੰਗਾਲ ਸਰਕਾਰ ਵਿਚ ਕੈਬਨਿਟ ਮੰਤਰੀ ਜਾਕਿਰ ਹੁਸੈਨ ਉੱਤੇ ਬੀਤੀ ਰਾਤ ਬੰਬ ਨਾਲ ਹਮਲਾ ਕੀਤਾ ਗਿਆ ਹੈ। ਬੁੱਧਵਾਰ ਰਾਤ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਨਿਮਟੀਟਾ ਰੇਲਵੇ ਸਟੇਸ਼ਨ ਉੱਤੇ ਇਹ ਹਮਲਾ ਹੋਇਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਉਸ ਵੇਲੇ ਦਿੱਤਾ ਗਿਆ ਜਦੋਂ ਜਾਕਿਰ ਹੁਸੈਨ ਕੱਲਕਤਾ ਜਾਣ ਲਈ ਉੱਥੇ ਪਹੁੰਚੇ ਸਨ ਅਤੇ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ। ਹਮਲੇ ਵਿਚ ਜਾਕਿਰ ਹੁਸੈਨ ਤੋਂ ਇਲਾਵਾ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ। ਤਿੰਨਾਂ ਨੂੰ ਜੰਗੀਪੁਰਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਅੱਜ ਵੀਰਵਾਰ ਨੂੰ ਸੂਬੇ ਦੀ ਸੀਐਮ ਮਮਤਾ ਬੈਨਰਜੀ ਖੁਦ ਮਿਲਣ ਪਹੁੰਚੀ ਹੈ।
ਮਮਤਾ ਬੈਨਰਜੀ ਨੇ ਇਸ ਬੰਬ ਹਮਲੇ ਨੂੰ ਰਾਜਨੀਤਿਕ ਸਾਜਿਸ਼ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੁੱਝ ਲੋਕ ਉਨ੍ਹਾਂ ਉੱਤੇ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਲਈ ਦਬਾਅ ਬਣਾ ਰਹੇ ਸਨ। ਮਮਤਾ ਬੈਨਰਜੀ ਨੇ ਜ਼ਖ਼ਮੀ ਮੰਤਰੀ ਨਾਲ ਮਿਲਣ ਦੇ ਬਾਅਦ ਇਸ ਹਮਲੇ ਦੀ ਤੁਲਨਾ ਪੰਜਾਬ ਦੇ ਸੀਐਮ ਰਹੇ ਬੇਅੰਤ ਸਿੰਘ ਹੱਤਿਆਕਾਂਡ ਨਾਲ ਕੀਤੀ।
ਮਮਤਾ ਬੈਨਰਜੀ ਨੇ ਕਿਹਾ ਕਿ ”ਪੱਛਮੀ ਬੰਗਾਲ ਦੇ ਮੰਤਰੀ ਜਾਕਿਰ ਹੁਸੈਨ ਉੱਤੇ ਬੁੱਧਵਾਰ ਨੂੰ ਬੰਬ ਨਾਲ ਕੀਤਾ ਗਿਆ। ਇਹ ਹਮਲਾ ਇਕ ਸਾਜਿਸ਼ ਦਾ ਹਿੱਸਾ ਸੀ। ਉਨ੍ਹਾਂ ਉੱਤੇ ਹਮਲਾ ਰੇਲਵੇ ਕੰਪਲੈਕਸ ਵਿਚ ਹੋਇਆ ਇਸ ਲਈ ਕੇਂਦਰੀ ਉਪਕਰਮ ਦੀ ਜਵਾਬਦੇਹੀ ਬਣਦੀ ਹੈ। ਜਾਕਿਰ ਹੁਸੈਨ ਇਕ ਵੱਡੇ ਵਪਾਰੀ ਹਨ। ਬੀੜੀ ਦੀ ਇੱਕ ਵੱਡੀ ਫੈਕਟਰੀ ਚਲਾਉਂਦੇ ਹਨ। ਚਸ਼ਮਦੀਦਾਂ ਦੁਆਰਾ ਦੱਸਿਆ ਗਿਆ ਕਿ ਇਹ ਯੋਜਨਾਬੱਧ ਹਮਲਾ ਸੀ। ਇਹ ਇਕ ਭਿਆਨਕ ਵਿਸਫੋਟ ਸੀ। ਮੈਂ ਸਦਮੇ ਵਿਚ ਹਾਂ। ਇਹ ਬੇਅੰਤ ਸਿੰਘ ਵਿਸਫੋਟ ਵਰਗਾ ਹੈ”। ਉਨ੍ਹਾਂ ਅੱਗੇ ਕਿਹਾ ਕਿ ”ਕੁੱਝ ਲੋਕ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਲਈ ਜਾਕਿਰ ਹੁਸੈਨ ਉੱਤੇ ਦਬਾਅ ਪਾ ਰਹੇ ਸਨ। ਮੈਂ ਉਨ੍ਹਾਂ ਦੇ ਨਾਮ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੀ”। ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਵਿਸਫੋਟ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਸਰਕਾਰ ਵੱਲੋਂ 5 ਲੱਖ ਅਤੇ ਮਾਮੂਲੀ ਚੋਟਾਂ ਲੱਗਣ ਵਾਲੇ ਲੋਕਾਂ ਨੂੰ ਇਕ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਤਾਲਾਸ਼ ਜਾਰੀ ਹੈ।