ਚੰਡੀਗੜ੍ਹ : ਇੰਡੀਅਨ ਪ੍ਰੀਮਿਅਰ ਲੀਗ 2021 (IPL) ਦੇ ਲਈ ਖਿਡਾਰੀਆਂ ਦੀ ਨਿਲਾਮੀ ਪ੍ਰਕੀਰਿਆ ਬੀਤੇ ਵੀਰਵਾਰ ਨੂੰ ਪੂਰੀ ਕਰ ਲਈ ਗਈ ਹੈ। ਟੂਰਨਾਮੈਂਟ ਦੇ 14ਵੇਂ ਸੀਜਨ ਲਈ ਚੇਨੰਈ ਵਿਚ ਹੋਈ ਮਿੰਨੀ ਨਿਲਾਮੀ ‘ਚ 57 ਖਿਡਾਰੀ ਚੁਣੇ ਗਏ। ਇਸ ਵਿਚ ਪੰਜਾਬ ਕਿੰਗਜ਼ ਦੀ ਟੀਮ ਨੇ ਸੱਭ ਤੋਂ ਵੱਧ ਨੌ ਖਿਡਾਰੀਆਂ ਨੂੰ ਚੁਣਿਆ। 14ਵੇਂ ਸੀਜ਼ਨ ਵਿਚ ਉਤਰਨ ਲਈ ਤਿਆਰ ਕੇਐਲ ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਸੱਭ ਤੋਂ ਵੱਧ ਰਕਮ ਨਾਲ ਨਿਲਾਮੀ ਕਰਨ ਲਈ ਉੱਤਰੀ। ਪੰਜਾਬ ਨੇ ਜ਼ਿਆਦਾਤਰ ਤੇਜ਼ ਗੇਂਦਬਾਜ਼ਾਂ ਅਤੇ ਆਲਰਾਊਂਡਰਾਂ ਉੱਤੇ ਦਾਂਅ ਖੇਡਿਆ ਅਤੇ ਉਨ੍ਹਾਂ ਲਈ ਰਕਮ ਖਰਚ ਕੀਤੀ।
ਪੰਜਾਬ ਦੀ ਟੀਮ ਨੇ ਆਸਟ੍ਰੇਲੀਆ ਦੇ ਦੋ ਤੇਜ਼ ਗੇਦਬਾਜ਼ਾਂ ਝਾਈ ਰਿਚਡਰਸਨ ਅਤੇ ਰਿਲੀ ਮੈਰੀਡਿਥ ਲਈ 22 ਕਰੋੜ ਰੁਪਏ ਖਰਚੇ ਅਤੇ ਆਪਣੀ ਤੇਜ਼ ਗੇਂਦਬਾਜ਼ੀ ਨੂੰ ਧਾਰ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਟੀਮ ਨੇ ਮੈਕਸਵੈੱਲ ਅਤੇ ਨੀਸ਼ਾਮ ਦੀ ਥਾਂ ਨੂੰ ਭਰਨ ਲਈ ਮੇਜੋਸ ਹੇਨਰੀਕਸਨ, ਫੈਬੀਅਨ ਏਲਨ ਅਤੇ ਜਲਜ ਸਕਸੇਨਾ ਵਰਗੇ ਆਲਰਾਊਂਡਰਾਂ ਨੂੰ ਖਰੀਦਿਆ।
ਬੱਲੇਬਾਜ਼ੀ ਵਿਚ ਮਜ਼ਬੂਤ ਪੰਜਾਬ ਦੀ ਟੀਮ ਨੇ ਆਪਣੀ ਬੈਂਚ ਸਟ੍ਰੈਂਥ ਵਿਚ ਹੋਰ ਜਾਨ ਪਾਉਣ ਲਈ ਡੇਵਿਡ ਮਲਾਨ ਅਤੇ ਸ਼ਾਹਰੁਖ ਖਾਨ ਨੂੰ ਵੀ ਸ਼ਾਮਲ ਕੀਤਾ। ਪੰਜਾਬ ਕਿੰਗਜ਼ ਨੇ ਝਾਈ ਰਿਚਰਡਸਨ ਨੂੰ 14 ਕਰੋੜ, ਰਿਲੀ ਮੈਰੀਡਿਥ ਨੂੰ 8 ਕਰੋੜ, ਸ਼ਾਹਰੁਖ ਖਾਨ ਨੂੰ 5.25 ਕਰੋੜ, ਮੇਜੋਸ ਹੇਨਰੀਕਸਨ ਨੂੰ 4.2 ਕਰੋੜ, ਡੇਵਿਡ ਮਲਾਨ ਨੂੰ 1.5 ਕਰੋੜ, ਫੈਬੀਅਨ ਏਲਨ ਨੂੰ 75 ਲੱਖ, ਜਲਜ ਸਕਸੇਨਾ ਨੂੰ 30 ਲੱਖ, ਸੌਰਭ ਕੁਮਾਰ ਨੂੰ 20 ਲੱਖ ਅਤੇ ਉਕਰਸ਼ ਸਿੰਘ ਨੂੰ ਵੀ 20 ਲੱਖ ਰੁਪਏ ਵਿਚ ਖਰੀਦਿਆ ਹੈ।